ਕੀ ਪਾਕਿ ਨਿਤੀਸ਼ ਦੀ ਜਿੱਤ ਦੇ ਜਸ਼ਨ ਮਨਾ ਰਿਹੈ?
ਬਿਹਾਰ ਵਿਚ ਵਾਪਰੇ ਸਿਆਸੀ ਘਟਨਾਕ੍ਰਮ ਦੇ ਮੁੱਦੇ 'ਤੇ ਭਾਜਪਾ ਉਪਰ ਵਿਅੰਗ ਕਰਦਿਆਂ ਸ਼ਿਵ ਸੈਨਾ ਨੇ ਅੱਜ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਨਿਤੀਸ਼ ਕੁਮਾਰ ਨਾਲ ਗਠਜੋੜ ਕਰ...
ਮੁੰਬਈ, 28 ਜੁਲਾਈ : ਬਿਹਾਰ ਵਿਚ ਵਾਪਰੇ ਸਿਆਸੀ ਘਟਨਾਕ੍ਰਮ ਦੇ ਮੁੱਦੇ 'ਤੇ ਭਾਜਪਾ ਉਪਰ ਵਿਅੰਗ ਕਰਦਿਆਂ ਸ਼ਿਵ ਸੈਨਾ ਨੇ ਅੱਜ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਨਿਤੀਸ਼ ਕੁਮਾਰ ਨਾਲ ਗਠਜੋੜ ਕਰ ਕੇ ਭਾਜਪਾ ਨੇ ਪਾਕਿਸਤਾਨ ਨੂੰ ਖ਼ੁਸ਼ ਕਰ ਦਿਤਾ ਹੈ।
'ਸਾਮਨਾ' ਦੇ ਸੰਪਾਦਕੀ ਵਿਚ ਸ਼ਿਵ ਸੈਨਾ ਨੇ ਕਿਹਾ, ''ਰਾਜਨੀਤੀ ਵਿਚ 'ਨੈਤਿਕਤਾ ਅਤੇ ਅਸੂਲਾਂ' ਦਾ ਕੋਈ ਮਤਲਬ ਨਹੀਂ ਰਹਿ ਗਿਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੇ ਵਿਰੋਧੀ ਧਿਰ ਤੋਂ ਪ੍ਰਧਾਨ ਮੰਤਰੀ ਦਾ ਚਿਹਰਾ 'ਖੋਹ' ਲਿਆ ਹੈ।''
ਸੰਪਾਦਕੀ ਮੁਤਾਬਕ, ''ਅਮਿਤ ਸ਼ਾਹ ਨੇ ਪਹਿਲਾਂ ਕਿਹਾ ਸੀ ਕਿ ਜੇ ਨਿਤੀਸ਼ ਕੁਮਾਰ ਦੀ ਜਿੱਤ ਹੁੰਦੀ ਹੈ ਤਾਂ ਪਾਕਿਸਤਾਨ ਵਿਚ ਜਸ਼ਨ ਮਨਾਇਆ ਜਾਵੇਗਾ, ਤਾਂ ਕੀ ਹੁਣ ਪਾਕਿਸਤਾਨ ਵਿਚ ਜਸ਼ਨ ਮਨਾਇਆ ਜਾ ਰਿਹਾ ਹੈ? ਅਜਿਹਾ ਜਾਪਦਾ ਹੈ ਕਿ ਭਾਜਪਾ ਨੇ ਨਿਤੀਸ਼ ਨਾਲ ਗਠਜੋੜ ਕਰ ਕੇ ਖ਼ੁਦ ਹੀ ਪਾਕਿਸਤਾਨ ਨੂੰ ਖ਼ੁਸ਼ ਕਰ ਦਿਤਾ ਹੈ।'' ਐਨ.ਡੀ.ਏ. ਦੀ ਭਾਈਵਾਲ ਪਾਰਟੀ ਨੇ ਕਿਹਾ, ''ਐਨ.ਡੀ.ਏ. ਨੂੰ ਪੁਰਾਣਾ ਦੋਸਤ ਵਾਪਸ ਮਿਲ ਗਿਆ ਹੈ ਪਰ ਨਿਤੀਸ਼ ਨੇ ਜਦੋਂ ਗਠਜੋੜ ਛੱਡਿਆ ਸੀ ਤਾਂ ਮੋਦੀ ਉਪਰ ਕਾਫ਼ੀ ਗੰਦਗੀ ਉਛਾਲੀ ਸੀ। ਕੀ ਹੁਣ ਉਹ ਗੰਦਗੀ ਧੋਤੀ ਗਈ ਹੈ?'' ਸੰਪਾਦਕੀ ਵਿਚ ਅੱਗੇ ਕਿਹਾ ਗਿਆ, ''ਸਿਰਫ਼ ਦੋ ਸਾਲ ਵਿਚ ਜਦੋਂ ਮੋਦੀ ਇਕ ਤੋਂ ਬਾਅਦ ਇਕ ਚੋਣਾਂ ਜਿੱਤ ਰਹੇ ਹਨ ਤਾਂ ਨਿਤੀਸ਼ ਕੁਮਾਰ ਦੀ ਅੰਤਰਆਤਮਾ ਜਾਗ ਪਈ ਅਤੇ ਉਹ ਐਨ.ਡੀ.ਏ. ਵਿਚ ਸ਼ਾਮਲ ਹੋ ਗਏ। ਸਿਆਸਤ ਵਿਚ ਹੁਣ ਅਸੂਲਾਂ ਅਤੇ ਨੈਤਿਕਤਾ ਦਾ ਕੋਈ ਮਤਲਬ ਨਹੀਂ ਰਹਿ ਗਿਆ।''
ਪਾਰਟੀ ਨੇ ਅੱਗੇ ਕਿਹਾ, ''ਭਾਜਪਾ ਨੇ ਮਣੀਪੁਰ ਅਤੇ ਗੋਆ ਵਿਚ ਬਹੁਮਤ ਨਾ ਹੋਣ ਦੇ ਬਾਵਜੂਦ ਸਰਕਾਰਾਂ ਕਾਇਮ ਕਰ ਲਈਆਂ ਪਰ ਉਸ (ਭਾਜਪਾ) ਨੂੰ ਅਪਣੀ ਅੰਤਰਆਤਮਾ ਨੂੰ ਸਵਾਲ ਕਰਨਾ ਚਾਹੀਦਾ ਹੈ ਕਿ ਜੇ ਕੇਂਦਰ ਵਿਚ ਉਸ ਦੀ ਸਰਕਾਰ ਨਾ ਹੁੰਦੀ ਤਾਂ ਅਜਿਹਾ ਕਰਨਾ ਸੰਭਵ ਸੀ?'' (ਪੀਟੀਆਈ)