ਮੈਨੂੰ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾਉਣ ਪਿੱਛੇ ਮੋਦੀ ਅਤੇ ਸ਼ਾਹ ਡਰ ਜ਼ਿੰਮੇਵਾਰ ਨਹੀਂ : ਨਾਇਡੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਐਨ.ਡੀ.ਏ. ਵਲੋਂ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਐਮ. ਵੈਂਕਈਆ ਨਾਇਡੂ ਨੇ ਅੱਜ ਉਨ੍ਹਾਂ ਰੀਪੋਰਟਾਂ ਨੂੰ ਖ਼ਾਰਜ ਕਰ ਦਿਤਾ ਜਿਨ੍ਹਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ..

Naidu

ਅਮਰਾਵਤੀ, 29 ਜੁਲਾਈ : ਐਨ.ਡੀ.ਏ. ਵਲੋਂ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਐਮ. ਵੈਂਕਈਆ ਨਾਇਡੂ ਨੇ ਅੱਜ ਉਨ੍ਹਾਂ ਰੀਪੋਰਟਾਂ ਨੂੰ ਖ਼ਾਰਜ ਕਰ ਦਿਤਾ  ਜਿਨ੍ਹਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੇ ਉਨ੍ਹਾਂ (ਵੈਂਕਈਆ) ਦੇ ਲਗਾਤਾਰ ਵੱਡੇ ਹੁੰਦੇ ਸਿਆਸੀ ਕੱਦ ਤੋਂ ਘਬਰਾ ਕੇ ਇਸ ਉਚ ਅਹੁਦੇ ਲਈ ਨਾਮਜ਼ਦ ਕੀਤਾ ਕਿਉਂਕਿ ਮੋਦੀ ਅਤੇ ਸ਼ਾਹ ਨੂੰ ਡਰ ਸੀ ਕਿ ਉਹ (ਵੈਂਕਈਆ) 2019 ਵਿਚ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ ਬਣ ਸਕਦੇ ਹਨ।
ਇਨ੍ਹਾਂ ਦਾਅਵਿਆਂ ਨੂੰ 'ਬਕਵਾਸ' ਕਰਾਰ ਦਿੰਦਿਆਂ ਨਾਇਡੂ ਨੇ ਮੋਦੀ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਉਹ (ਮੋਦੀ) ਦੇਸ਼ ਨੂੰ ਰੱਬ ਦਾ ਵਰਦਾਨ ਹਨ ਅਤੇ ਫ਼ੈਸਲੇ ਹਮੇਸ਼ਾ ਸਮੂਹਕ ਤੌਰ 'ਤੇ ਲਏ ਜਾਂਦੇ ਹਨ। ਇਥੇ ਇਕ ਸਮਾਗਮ ਦੌਰਾਨ ਨਾਇਡੂ ਨੇ ਕਿਹਾ, ''ਮੋਦੀ, ਸ਼ਾਹ ਅਤੇ ਅਸੀ ਸਾਰੇ ਸਮੂਹਕ ਤੌਰ 'ਤੇ ਫ਼ੈਸਲੇ ਲੈਂਦੇ ਹਾਂ। ਅਸਲ ਵਿਚ ਮੋਦੀ ਅਤੇ ਸ਼ਾਹ ਹਰ ਅਹਿਮ ਮਾਮਲੇ ਬਾਰੇ ਮੇਰੇ ਨਾਲ ਵਿਚਾਰ ਵਟਾਂਦਰਾ ਕਰਦੇ ਸਨ।''
ਉਨ੍ਹਾਂ ਕਿਹਾ, ''ਭਾਰਤ ਦਾ ਰਾਸ਼ਟਰਪਤੀ ਉੱਤਰ ਭਾਰਤ ਨਾਲ ਸਬੰਧਤ ਹੈ ਅਤੇ ਪ੍ਰਧਾਨ ਮੰਤਰੀ ਪਛਮੀ ਭਾਰਤ ਨਾਲ ਸਬੰਧ ਰਖਦੇ ਹਨ ਜਦਕਿ ਲੋਕ ਸਭਾ ਸਪੀਕਰ ਮੱਧ ਭਾਰਤ ਤੋਂ ਹਨ, ਇਸ ਲਈ ਮੋਦੀ ਚਾਹੁੰਦੇ ਸਨ ਕਿ ਉਪ-ਰਾਸ਼ਟਰਪਤੀ ਦਖਣੀ ਭਾਰਤ ਨਾਲ ਸਬੰਧਤ ਹੋਵੇ।''
ਨਾਇਡੂ ਨੇ ਕਿਹਾ, ''ਮੋਦੀ ਇਹ ਵੀ ਚਾਹੁੰਦੇ ਸਨ ਕਿ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਕਿਸਾਨ ਪਰਵਾਰ ਨਾਲ ਸਬੰਧਤ ਕੋਈ ਵਿਅਕਤੀ ਹੋਵੇ ਅਤੇ ਅਜਿਹਾ ਵਿਅਕਤੀ ਉਪ ਰਾਸ਼ਟਰਪਤੀ ਬਣੇ ਜੋ ਰਾਜ ਸਭਾ ਨੂੰ ਅਸਰਦਾਰ ਤਰੀਕੇ ਨਾਲ ਚਲਾ ਸਕੇ।'' (ਪੀਟੀਆਈ)