ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਛੁੱਟੀ ਕਦੇ ਵੀ ਅਪਣਾ ਕਾਰਜਕਾਲ ਪੂਰਾ ਨਾ ਕਰ ਸਕੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਅੱਜ ਉਸ ਵੇਲੇ ਅਸਤੀਫ਼ਾ ਦੇਣ ਲਈ ਮਜਬੂਰ ਹੋਣਾ ਪਿਆ ਜਦੋਂ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ 'ਬੇਈਮਾਨ' ਕਰਾਰ

Nawaz Sharif

 

ਇਸਲਾਮਾਬਾਦ, 28 ਜੁਲਾਈ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਅੱਜ ਉਸ ਵੇਲੇ ਅਸਤੀਫ਼ਾ ਦੇਣ ਲਈ ਮਜਬੂਰ ਹੋਣਾ ਪਿਆ ਜਦੋਂ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ 'ਬੇਈਮਾਨ'  ਕਰਾਰ ਦਿੰਦਿਆਂ ਸੰਵਿਧਾਨਕ ਅਹੁਦੇ 'ਤੇ ਕਾਇਮ ਰਹਿਣ ਦੇ ਅਯੋਗ ਠਹਿਰਾਇਆ। ਇਸ ਦੇ ਨਾਲ ਹੀ ਅਦਾਲਤ ਨੇ ਪਨਾਮਾਗੇਟ ਦਸਤਾਵੇਜ਼ ਮਾਮਲੇ ਵਿਚ ਸ਼ਰੀਫ਼ ਅਤੇ ਉਨ੍ਹਾਂ ਦੀ ਔਲਾਦ ਵਿਰੁਧ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕਰਨ ਦਾ ਹੁਕਮ ਦਿਤਾ।
67 ਵਰ੍ਹਿਆਂ ਦੇ ਨਵਾਜ਼ ਸ਼ਰੀਫ਼ ਕਦੇ ਵੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਅਪਣਾ ਕਾਰਜਕਾਲ ਪੂਰਾ ਨਹੀਂ ਕਰ ਸਕੇ ਅਤੇ ਇਹ ਤੀਜੀ ਵਾਰ ਹੈ ਜਦੋਂ ਉਨ੍ਹਾਂ ਨੂੰ ਅਹੁਦਾ ਛੱਡਣ ਲਈ ਮਜਬੂਰ ਹੋਣਾ ਪਿਆ। ਅਦਾਲਤ ਦੇ ਇਸ ਫ਼ੈਸਲੇ ਨਾਲ ਪਾਕਿਸਤਾਨ

ਵਿਚ ਸਿਆਸੀ ਸੰਕਟ ਪੈਦਾ ਹੋ ਗਿਆ ਹੈ ਜਦੋਂ ਦੇਸ਼ ਦੀ ਆਰਥਕ ਹਾਲਤ ਬੇਹੱਦ ਖ਼ਰਾਬ ਚੱਲ ਰਹੀ ਹੈ ਅਤੇ ਅਤਿਵਾਦ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।
ਜਸਟਿਸ ਏਜਾਜ਼ ਅਫ਼ਜ਼ਲ ਖ਼ਾਨ ਨੇ ਪੰਜ ਮੈਂਬਰੀ ਬੈਂਚ ਵਲੋਂ ਫ਼ੈਸਲਾ ਸੁਣਾਉਂਦਿਆਂ ਕਿਹਾ, ''ਨਵਾਜ਼ ਸ਼ਰੀਫ਼ ਸੰਸਦ ਮੈਂਬਰ ਵਜੋਂ ਅਯੋਗ ਠਹਿਰਾਏ ਜਾਂਦੇ ਹਨ, ਇਸ ਲਈ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਕਾਇਮ ਰਹਿਣ ਦੇ ਯੋਗ ਵੀ ਨਹੀਂ ਰਹਿ ਗਏ।'' ਅਦਾਲਤ ਨੇ ਚੋਣ ਕਮਿਸ਼ਨ ਨੂੰ ਹਦਾਇਤ ਦਿਤੀ ਕਿ ਨਵਾਜ਼ ਸ਼ਰੀਫ਼ ਦਾ ਅਯੋਗਤਾ ਬਾਰੇ ਨੋਟੀਫ਼ਿਕੇਸ਼ਨ ਜਾਰੀ ਕੀਤਾ ਜਾਵੇ।
ਅਦਾਲਤ ਨੇ ਕਿਹਾ ਕਿ ਝੂਠਾ ਹਲਫ਼ੀਆ ਬਿਆਨ ਦਾਖ਼ਲ ਕਰਨ ਵਾਲੇ ਨਵਾਜ਼ ਸ਼ਰੀਫ਼ ਸੰਵਿਧਾਨ ਦੇ ਨਿਯਮਾਂ ਤਹਿਤ 'ਈਮਾਨਦਾਰ' ਨਹੀਂ ਹਨ। ਉਧਰ ਸ਼ਰੀਫ਼ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਕੋਈ ਗੜਬੜੀ ਨਹੀਂ ਕੀਤੀ।
ਅਦਾਲਤੀ ਫ਼ੈਸਲੇ ਪਿੱਛੋਂ ਅਮਨ-ਕਾਨੂੰਨ ਦੀ ਸਥਿਤੀ ਕਾਬੂ ਹੇਠ ਰੱਖਣ ਲਈ ਪਾਕਿਸਤਾਨ ਦੇ ਸੰਵੇਦਨਸ਼ੀਲ ਇਲਾਕਿਆਂ ਵਿਚ ਪੁਲਿਸ ਅਤੇ ਸੁਰੱਖਿਆ ਬਲਾਂ ਦੀ ਤਾਇਨਾਤੀ ਕੀਤੀ ਗਈ ਹੈ। ਅਦਾਲਤ ਨੇ ਸ਼ਰੀਫ਼ ਅਤੇ ਪਾਕਿ ਵਿੱਤ ਮੰਤਰੀ ਮੁਹੰਮਦ ਇਸ਼ਾਕ ਡਾਰ ਨੂੰ ਵੀ ਅਹੁਦੇ ਲਈ ਅਯੋਗ ਐਲਾਨ ਦਿਤਾ ਹੈ। ਅਦਾਲਤ ਨੇ ਨੈਸ਼ਨਲ ਅਕਾਊਂਟੀਬਿਲਟੀ ਬਿਊਰੋ (ਐਨ.ਏ.ਬੀ.) ਨੂੰ ਹੁਕਮ ਦਿਤਾ ਹੈ ਕਿ ਉਹ ਦੋ ਹਫ਼ਤਿਆਂ 'ਚ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੇ ਪਰਵਾਰ ਵਿਰੁਧ ਕੇਸ ਦਾਇਰ ਕਰਵਾਉਣ। ਜ਼ਿਕਰਯੋਗ ਹੈ ਕਿ ਤਿੰਨ ਵਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਹੇ ਨਵਾਜ਼ ਅਤੇ ਉਨ੍ਹਾਂ ਦੇ ਪਰਵਾਰ 'ਤੇ ਧੋਖਾਧੜੀ, ਫ਼ਰਜ਼ੀ ਕਾਗਜ਼ਾਤ ਬਣਾਉਣ, ਆਮਦਨ ਤੋਂ ਵੱਧ ਆਲੀਸ਼ਾਨ ਜੀਵਨ ਜਿਊਣ ਵਰਗੇ ਕਈ ਦੋਸ਼ ਲਗਾਏ ਹਨ।
ਮੀਡੀਆ ਰੀਪੋਰਟਾਂ ਅਨੁਸਾਰ ਨਵਾਜ਼ ਸ਼ਰੀਫ਼ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਉਨ੍ਹਾਂ ਦੇ ਛੋਟੇ ਭਰਾ ਅਤੇ ਪੰਜਾਬ (ਪਾਕਿਸਤਾਨ) ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੇ ਪ੍ਰਧਾਨ ਮੰਤਰੀ ਬਣਨ ਦੀ ਚਰਚਾ ਜ਼ੋਰਾਂ 'ਤੇ ਹੈ। ਹਾਲਾਂਕਿ ਸ਼ਾਹਬਾਜ਼ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੇ ਮੈਂਬਰ ਨਹੀਂ ਹਨ। ਇਸ ਕਾਰਨ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਨ ਲਈ ਚੋਣ ਲੜਨੀ ਹੋਵੇਗੀ। ਇਨ੍ਹਾਂ ਤੋਂ ਇਲਾਵਾ ਪ੍ਰਧਾਨ ਮੰਤਰੀ ਦੀ ਦੌੜ 'ਚ ਰੱਖਿਆ ਮੰਤਰੀ ਖ਼ਵਾਜਾ ਆਸਿਫ, ਸਪੀਕਰ ਅਯਾਜ਼ ਸਾਦਿਕ, ਬਿਜਨੈਸਮੈਨ ਸ਼ਾਹਿਦ ਅੱਬਾਸੀ ਵੀ ਸ਼ਾਮਲ ਹਨ।
ਕੀ ਹੈ ਪਨਾਮਾ ਪੇਪਰ ਲੀਕ ਮਾਮਲਾ :
ਪ੍ਰਧਾਨ ਮੰਤਰੀ ਵਜੋਂ ਨਵਾਜ਼ ਸ਼ਰੀਫ਼ ਨੇ ਲੰਦਨ 'ਚ ਬੇਨਾਮੀ ਜਾਇਦਾਦ ਬਣਾਈ ਸੀ। ਸ਼ਰੀਫ਼ ਦੇ ਪੁਤਰਾਂ ਹੁਸੈਨ ਅਤੇ ਹਸਨ ਤੋਂ ਇਲਾਵਾ ਬੇਟੀ ਮਰਿਅਮ ਨਵਾਜ਼ ਨੇ ਟੈਕਸ ਚੋਰਾਂ ਲਈ ਸਵਰਗ ਮੰਨੇ ਜਾਣ ਵਾਲੇ ਬ੍ਰਿਟਿਸ਼ ਵਰਜਿਨ ਆਈਲੈਂਡ 'ਚ ਘਟੋ-ਘੱਟ ਚਾਰ ਕੰਪਨੀਆਂ ਸ਼ੁਰੂ ਕੀਤੀਆਂ। ਇਨ੍ਹਾਂ ਕੰਪਨੀਆਂ ਰਾਹੀਂ ਲੰਦਨ 'ਚ 6 ਮਹਿੰਗੀਆਂ ਸੰਪਤੀਆਂ ਖ਼ਰੀਦੀਆਂ। ਉਨ੍ਹਾਂ ਨੇ ਇਨ੍ਹਾਂ ਪ੍ਰਾਪਰਟੀਆਂ ਨੂੰ ਗਹਿਣੇ ਰੱਖ ਕੇ ਡਾਏਸ਼ ਬੈਂਕ ਤੋਂ ਲਗਭਗ 70 ਕਰੋੜ ਰੁਪਏ ਦਾ ਲੋਨ ਲਿਆ। ਇਸ ਤੋਂ ਇਲਾਵਾ ਦੋ ਹੋਰ ਅਪਾਰਟਮੈਂਟ ਖਰੀਦਣ 'ਚ ਬੈਂਕ ਆਫ਼ ਸਕਾਟਲੈਂਡ ਨੇ ਇਨ੍ਹਾਂ ਦੀ ਮਦਦ ਕੀਤੀ। ਨਵਾਜ਼ ਅਤੇ ਉਨ੍ਹਾਂ ਦੇ ਪਰਵਾਰ 'ਤ ਦੋਸ਼ ਹੈ ਕਿ ਇਸ ਪੂਰੇ ਕਾਰੋਬਾਰ ਅਤੇ ਖ਼ਰੀਦੋ-ਫ਼ਰੋਖਤ 'ਚ ਉਨ੍ਹਾਂ ਨੇ ਅਣਐਲਾਨੀ ਆਮਦਨ ਲਗਾਈ ਗਈ।
ਟੈਕਸ ਬਚਾਉਣਾ ਪਿਆ ਮਹਿੰਗਾ :
ਇਸ ਗੱਲ ਦਾ ਪ੍ਰਗਟਾਵਾ ਪਿਛਲੇ ਸਾਲ ਬ੍ਰਿਟੇਨ 'ਚ ਲੀਕ ਹੋਏ ਟੈਕਸ ਕਾਗ਼ਜ਼ਾਂ 'ਚ ਹੋਇਆ। ਇਸ 'ਚ ਦਸਿਆ ਗਿਆ ਕਿ ਕਿਵੇਂ ਦੁਨੀਆਂ ਭਰ ਦੇ 140 ਨੇਤਾ ਅਤੇ ਸੈਂਕੜੇ ਪ੍ਰਸਿੱਧ ਸ਼ਖ਼ਸੀਅਤਾਂ ਨੇ ਟੈਕਸ ਹੈਵਨ ਕੰਟਰੀਜ਼ 'ਚ ਪੈਸਾ ਨਿਵੇਸ਼ ਕੀਤਾ ਹੈ। ਇਨ੍ਹਾਂ 'ਚ ਨਵਾਜ਼ ਸ਼ਰੀਫ਼ ਦਾ ਨਾਂ ਵੀ ਸ਼ਾਮਲ ਹੈ। ਉਨ੍ਹਾਂ ਨੇ ਸ਼ੈਡੋ ਕੰਪਨੀਆਂ, ਟਰੱਸਟ ਅਤੇ ਕਾਰਪੋਰੇਸ਼ਨ ਬਣਾਏ ਅਤੇ ਇਨ੍ਹਾਂ ਰਾਹੀਂ ਟੈਕਸ ਬਚਾਇਆ। ਲੰਦਨ 'ਚ ਸ਼ਰੀਫ ਪਰਵਾਰ ਵਲੋਂ ਖ਼ਰੀਦੇ ਗਏ ਫ਼ਲੈਟਸ ਲਈ ਪੈਸੇ ਕਿਥੋਂ ਆਏ ਸਨ? ਇਸ 'ਤੇ ਸ਼ਰੀਫ ਅਤੇ ਉਨ੍ਹਾਂ ਦੀ ਟੀਮ ਵਲੋਂ ਦਿਤੇ ਗਏ ਜਵਾਬ ਤੋਂ ਕੋਰਟ ਸੰਤੁਸ਼ਟ ਨਹੀਂ ਸੀ। ਜੱਜਾਂ ਨੇ ਕਿਹਾ ਕਿ ਜੇ ਸ਼ਰੀਫ ਪਰਵਾਰ ਨੇ ਲੰਦਨ ਦੇ ਫ਼ਲੈਟਸ ਦੀ ਖ਼ਰੀਦ ਦੇ ਸਮੇਂ ਵੀ ਜ਼ਰੂਰੀ ਕਾਗਜ਼ ਲਏ ਹੁੰਦੇ ਤਾਂ ਇਹ ਵਿਵਾਦ ਖੜਾ ਨਾ ਹੁੰਦਾ। ਜੇ.ਆਈ.ਟੀ.  ਨੇ ਅਪਣੀ ਰਿਪੋਰਟ 'ਚ ਨਵਾਜ਼ ਅਤੇ ਉਨ੍ਹਾਂ ਦੇ ਪਰਵਾਰ 'ਤੇ ਧੋਖਾਧੜੀ, ਫਰਜ਼ੀ ਕਾਗਜ਼ਾਤ ਬਣਾਉਣ, ਆਮਦਨ ਤੋਂ ਵੱਧ ਆਲੀਸ਼ਾਨ ਜੀਵਨ ਜਿਊਣ ਵਰਗੇ ਕਈ ਦੋਸ਼ ਲਗਾਏ ਸਨ। ਇਸ ਮਾਮਲੇ 'ਚ ਸ਼ੁਰੂ ਤੋਂ ਹੀ ਨਵਾਜ਼ ਵਿਰੋਧੀ ਦਲਾਂ ਦੀ ਪਾਰਟੀ ਪਾਕਿਸਤਾਨ ਤਹਿਰੀਕ—ਏ-ਇਨਸਾਫ਼ ਲੰਮੇ ਸਮੇਂ ਤੋਂ ਨਵਾਜ਼ ਸ਼ਰੀਫ਼ 'ਤੇ ਅਸਤੀਫਾ ਦੇਣ ਦਾ ਦਬਾਅ ਬਣਾ ਰਹੀ ਸੀ।  (ਪੀਟੀਆਈ)