ਲਾਹੌਰ ਐਲਾਨਨਾਮੇ ਰਾਹੀਂ ਅਮਨ ਸੰਭਵ : ਮਹਿਬੂਬਾ ਮੁਫ਼ਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਅੱਜ ਕਿਹਾ ਕਿ ਪਾਕਿਸਤਾਨ ਨਾਲ ਵਪਾਰ ਨਹੀਂ ਰੁਕਣਾ ਚਾਹੀਦਾ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵਲੋਂ...

Mehbooba Mufti

ਨਵੀਂ ਦਿੱਲੀ, 29 ਜੁਲਾਈ : ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਅੱਜ ਕਿਹਾ ਕਿ ਪਾਕਿਸਤਾਨ ਨਾਲ ਵਪਾਰ ਨਹੀਂ ਰੁਕਣਾ ਚਾਹੀਦਾ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵਲੋਂ ਤਿਆਰ ਕੀਤੇ ਲਾਹੌਰ ਐਲਾਨਨਾਮੇ ਰਾਹੀਂ ਦੋਹਾਂ ਮੁਲਕਾਂ ਵਿਚਾਲੇ ਅਮਨ ਕਾਇਮ ਕੀਤਾ ਜਾ ਸਕਦਾ ਹੈ।
ਪੀ.ਡੀ.ਪੀ. ਦੀ 18ਵੀਂ ਵਰ੍ਹੇਗੰਢ ਮੌਕੇ ਮਹਿਬੂਬਾ ਮੁਫ਼ਤੀ ਨੇ ਕਸ਼ਮੀਰ ਨੂੰ ਭਾਰਤ ਦੇ ਸਿਰ ਦਾ ਤਾਜ ਦਸਦਿਆਂ ਕਿਹਾ ਕਿ ਕਸ਼ਮੀਰ ਤੋਂ ਬਗ਼ੈਰ ਇਹ ਮੁਲਕ ਅਧੂਰਾ ਹੈ। ਉਨ੍ਹਾਂ ਕਿਹਾ ਕਿ ਮਕਬੂਜ਼ਾ ਕਸ਼ਮੀਰ ਦੇ ਵਿਧਾਇਕਾਂ ਨੂੰ ਇਧਰ ਆਉਣ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ ਤਾਕਿ ਉਹ ਭਾਰਤੀ ਕਾਨੂੰਨਸਾਜ਼ਾਂ ਨਾਲ ਗੱਲਬਾਤ ਰਾਹੀਂ ਇਕ-ਦੂਜੇ ਦੇ ਵਿਚਾਰ ਜਾਣ ਸਕਣ।
ਪੀਪਲਜ਼ ਡੈਮੋਕ੍ਰੈਟਿਕ ਪਾਰਟੀ ਦੀ ਮੁਖੀ ਨੇ ਆਖਿਆ ਕਿ ਕਸ਼ਮੀਰ ਦੇ ਲੋਕਾਂ ਨੂੰ ਵਾਜਬ ਕਦਮ ਉਠਾਏ ਜਾਣੇ ਚਾਹੀਦੇ ਹਨ ਅਤੇ ਪਹਿਲਾਂ ਤੋਂ ਦਰਪੇਸ਼ ਮੁਸ਼ਕਲਾਂ ਨੂੰ ਹੋਰ ਉਲਝਾਇਆ ਨਹੀਂ ਜਾਣਾ ਚਾਹੀਦਾ। ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਵਾਘਾ ਸਰਹੱਦ ਰਾਹੀਂ ਵਪਾਰ ਵਿਚ ਕਾਫ਼ੀ ਮੁਸ਼ਕਲਾਂ ਆਉਂਦੀਆਂ ਹਨ ਅਤੇ ਪਾਕਿਸਤਾਨ ਵਾਲੇ ਪਾਸੇ ਤੋਂ ਨਸ਼ੀਲੇ ਪਦਾਰਥ ਆਉਂਦੇ ਹਨ ਪਰ ਕੋÂਂ ਇਸ ਨੂੰ ਬੰਦ ਕਰਨ ਦੀ ਗੱਲ ਨਹੀਂ ਕਰ ਰਿਹਾ। ਇਸ ਦੇ ਉਲਟ ਸ੍ਰੀਨਗਰ-ਮੁਜ਼ਫ਼ਰਾਬਾਦ ਸੜਕ 'ਤੇ ਸਿਰਫ਼ ਇਕ ਗ਼ਲਤੀ ਹੋਣ ਕਾਰਨ, ਇਸ ਰਾਹ ਨੂੰ ਬੰਦ ਕਰਨ ਦੀਆਂ ਤਿਆਰੀਆਂ ਸ਼ੁਰੂ ਨਹੀਂ ਕਰ ਦੇਣੀਆਂ ਚਾਹੀਦੀਆਂ। ਇਥੇ ਦਸਣਾ ਬਣਦਾ ਹੈ ਕਿ 21 ਜੁਲਾਈ ਨੂੰ ਪੁਲਿਸ ਨੇ ਮਕਬੂਜ਼ਾ ਕਸ਼ਮੀਰ ਤੋਂ ਆਏ ਇਕ ਟਰੱਕ ਵਿਚੋਂ 66.5 ਕਿਲੋਗ੍ਰਾਮ ਹੈਰੋਇਨ ਅਤੇ ਬ੍ਰਾਊਨ ਸ਼ੂਗਰ ਜ਼ਬਤ ਕੀਤੀ ਸੀ ਜਿਨ੍ਹਾਂ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ 300 ਕਰੋੜ ਰੁਪਏ ਦੱਸੀ ਜਾਂਦੀ ਹੈ। ਅਜਿਹੀਆਂ ਰੀਪੋਰਟਾਂ ਵੀ ਹਨ ਕਿ ਕਸ਼ਮੀਰ ਵਿਚ ਅਤਿਵਾਦੀਆਂ ਨੂੰ ਆਰਥਕ ਸਹਾਇਤਾ ਦੀ ਜਾਂਚ ਕਰ ਰਹੀ ਐਨ.ਆਈ.ਏ. ਦੋਹਾਂ ਮੁਲਕਾਂ ਦਰਮਿਆਨ ਕਸ਼ਮੀਰ ਦੇ ਰਸਤੇ ਵਪਾਰ ਬੰਦ ਕਰਨ ਦੀ ਸਿਫ਼ਾਰਸ਼ ਕਰ ਸਕਦੀ ਹੈ।
ਮਹਿਬੂਬਾ ਨੇ ਕਿਹਾ, ''ਅਸੀ ਹੋਰ ਰਾਹ ਖੋਲ੍ਹਣ ਦੇ ਪੱਖ ਵਿਚ ਹਾਂ ਅਤੇ ਸਰਹੱਦੀ ਦਾਖ਼ਲਾ ਸਥਾਨਾਂ 'ਤੇ ਬੈਂਕਿੰਗ ਵਰਗੀਆਂ ਸਹੂਲਤਾਂ ਹੋਣੀਆਂ ਚਾਹੀਦੀਆਂ ਹਨ ਜਦਕਿ ਟਰੱਕਾਂ ਲਈ ਸਕੈਨਰ ਲੱਗੇ ਹੋਣੇ ਚਾਹੀਦੇ ਹਨ ਤਾਕਿ ਪਤਾ ਲੱਗ ਸਕੇ ਕਿ ਕੀ ਆ-ਜਾ ਰਿਹਾ ਹੈ।'' (ਏਜੰਸੀ)