BJP ਉਮੀਦਵਾਰ ਦੀ ਗੱਡੀ ਵਿੱਚੋਂ ਮਿਲੀ EVM? ਪ੍ਰਿਯੰਕਾ ਗਾਂਧੀ ਨੇ ਚੋਣ ਕਮਿਸ਼ਨ 'ਤੇ ਖੜੇ ਕੀਤੇ ਸਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਈ.ਵੀ.ਐਮ. ਮੁੜ ਮੁਲਾਂਕਣ ਦੀ ਮੰਗ ਕੀਤੀ ਹੈ।

Priyanka Gandhi

ਨਵੀ ਦਿੱਲੀ: ਪੰਜ ਰਾਜਾਂ ਵਿਚ ਵਿਧਾਨ ਸਭਾ ਚੋਣਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਇਸ ਵਿਚਕਾਰ ਕਰੀਮਗੰਜ ਇਲਾਕੇ ’ਚ ਦੂਜੇ ਗੇੜ ਦੀ ਵੋਟਿੰਗ ਤੋਂ ਬਾਅਦ ਅੱਜ ਚੋਣ ਕਮਿਸ਼ਨ ਨੇ ਅਸਾਮ ਦੇ ਕਰੀਮਗੰਜ ਵਿਚ ਲਾਵਾਰਿਸ ਕਾਰ ਵਿਚ ਈ.ਵੀ.ਐੱਮ. ਪ੍ਰਾਪਤ ਕਰਨ ਦੇ ਮੁੱਦੇ 'ਤੇ ਜ਼ਿਲ੍ਹਾ ਚੋਣ ਅਧਿਕਾਰੀ ਤੋਂ ਇਕ ਵਿਸਥਾਰਤ ਰਿਪੋਰਟ ਤਲਬ ਕੀਤੀ ਹੈ। ਈਵੀਐਮ ਲੱਭਣ ਤੋਂ ਬਾਅਦ ਤੋਂ ਈਲਾ ਵਿਚ ਰਾਜਨੀਤਿਕ ਤਣਾਅ ਵਧਿਆ ਹੈ। ਈਵੀਐਮ ਕਰੀਮਗੰਜ ਜ਼ਿਲ੍ਹੇ ਦੇ ਕਨਿਸੈਲ ਕਸਬੇ ਵਿੱਚ ਇੱਕ ਬੋਲੇਰੋ ਗੱਡੀ ਵਿੱਚ ਪਈ ਮਿਲੀ ਹੈ। ਕਾਰ ਵਿਚ ਕੋਈ ਨਹੀਂ ਸੀ। 

ਸ਼ੁਰੂਵਾਤੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਬੋਲੇਰੋ ਕਾਰ ਪਥਰਕੰਡੀ ਹਲਕੇ ਦੇ ਭਾਜਪਾ ਉਮੀਦਵਾਰ ਦੀ ਹੈ। ਕਾਰ ਵਿਚ ਈਵੀਐਮ ਮਿਲਣ ਦਾ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ, ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਈ.ਵੀ.ਐਮ.ਮੁੜ ਮੁਲਾਂਕਣ ਦੀ ਮੰਗ ਕੀਤੀ ਹੈ।  

 

 

ਪ੍ਰਿਯੰਕਾ ਗਾਂਧੀ ਵਾਡਰਾ ਦਾ ਟਵੀਟ 
ਈਵੀਐਮ ਪ੍ਰਬੰਧਨ 'ਤੇ ਸਵਾਲ ਉਠਾਉਂਦੇ ਹੋਏ ਪ੍ਰਿਯੰਕਾ ਗਾਂਧੀ ਵਾਡਰਾ ਨੇ ਟਵੀਟ- ਪ੍ਰਾਈਵੇਟ ਗੱਡੀਆਂ ’ਚ ਈਵੀਐੱਮ ਦਾ ਫੜੇ ਜਾਣਾ ਹੁਣ ਆਮ ਹੋ ਗਿਆ ਹੈ। ਇਹ ਗੱਡੀਆਂ ਆਮ ਤੌਰ ਉੱਤੇ ਭਾਜਪਾ ਉਮੀਦਵਾਰਾਂ ਜਾਂ ਉਨ੍ਹਾਂ ਦੇ ਸਹਿਯੋਗੀਆਂ ਦੀਆਂ ਹੁੰਦੀਆਂ ਹਨ। ਅਜਿਹੇ ਵਿਡੀਓ ਨੂੰ ਸਿਰਫ਼ ਇੱਕ ਘਟਨਾ ਵਜੋਂ ਲਿਆ ਜਾਂਦਾ ਹੈ ਤੇ ਬਾਅਦ ’ਚ ਰੱਦ ਕਰ ਦਿੱਤਾ ਜਾਂਦਾ ਹੈ।

ਭਾਜਪਾ ਆਪਣੇ ਮੀਡੀਆ ਸਿਸਟਮ ਦੀ ਵਰਤੋਂ ਉਨ੍ਹਾਂ ਲੋਕਾਂ ਉੱਤੇ ਦੋਸ਼ ਲਾਉਣ ਲਈ ਕਰਦੀ ਹੈ, ਜਿਨ੍ਹਾਂ ਨੇ ਈਵੀਐਮ ਨੂੰ ਪ੍ਰਾਈਵੇਟ ਕਾਰ ’ਚ ਲਿਜਾਣ ਦੀ ਵੀਡੀਓ ਲੋਕਾਂ ਸਾਹਮਣੇ ਲਿਆਂਦੀ। ਚੋਣ ਕਮਿਸ਼ਨ ਨੂੰ ਇਨ੍ਹਾਂ ਸ਼ਿਕਾਇਤਾਂ ਉੱਤੇ ਫ਼ੈਸਲਾਕੁੰਨ ਕਾਰਵਾਈ ਸ਼ੁਰੂ ਕਰਨੀ ਚਾਹੀਦੀ ਹੈ।