ਪੀਯੂਸ਼ ਗੋਇਲ ਦੇ ਕਥਿਤ ਘਪਲੇ ਕਾਰਨ ਰਾਹੁਲ ਨੇ ਕੇਂਦਰੀ ਮੰਤਰੀ ਦਾ ਅਸਤੀਫ਼ਾ ਮੰਗਿਆ
ਰਾਹੁਲ ਨੇ ਗੋਇਲ ਲੱਗੇ ਇਲਜ਼ਾਮ ਨੂੰ 'ਜਾਲਸਾਜ਼ੀ ਅਤੇ ਹਿਤਾਂ ਦੇ ਟਕਰਾਅ' ਦਾ ਮਾਮਲਾ ਦਸਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।
ਨਵੀਂ ਦਿੱਲੀ, 1 ਮਈ: ਕਾਂਗਰਸ ਵਲੋਂ ਕੇਂਦਰੀ ਮੰਤਰੀ ਪੀਊਸ਼ ਗੋਇਲ ਉਤੇ ਕਥਿਤ 'ਘੋਟਾਲੇ' ਦਾ ਇਲਜ਼ਾਮ ਲਾਏ ਜਾਣ ਤੋਂ ਬਾਅਦ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਗੋਇਲ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਜਦਕਿ ਮੰਤਰੀ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਉਹ 'ਨਾਮਦਾਰ' ਨਹੀਂ ਸਗੋਂ 'ਕਾਮਦਾਰ' ਹਨ। ਰਾਹੁਲ ਨੇ ਗੋਇਲ ਲੱਗੇ ਇਲਜ਼ਾਮ ਨੂੰ 'ਜਾਲਸਾਜ਼ੀ ਅਤੇ ਹਿਤਾਂ ਦੇ ਟਕਰਾਅ' ਦਾ ਮਾਮਲਾ ਦਸਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਗੋਇਲ ਨੇ ਪਲਟਵਾਰ ਕਰਦੇ ਹੋਏ ਟਵੀਟ ਕੀਤਾ, ''26 ਮਈ 2014 ਨੂੰ ਮੰਤਰੀ ਬਣਨ ਤੋਂ ਪਹਿਲਾਂ ਮੈਂ ਇਕ ਪੇਸ਼ੇਵਰ ਚਾਰਟਰਡ ਅਕਾਉਂਟੈਂਟ ਅਤੇ ਇੰਵੇਸਟਮੈਂਟ ਬੈਂਕਰ ਸੀ। ਰਾਹੁਲ ਗਾਂਧੀ, ਤੁਹਾਡੀ ਤਰ੍ਹਾਂ ਮੈਨੂੰ ਬਗ਼ੈਰ ਕੰਮ ਤੋਂ ਜ਼ਿੰਦਗੀ ਬਿਤਾਉਣ ਦੀ ਕਲਾ ਨਹੀਂ ਸਿਖੀ। ਮੈਂ ਨਾਮਦਾਰ ਨਹੀਂ, ਕਾਮਦਾਰ ਹਾਂ।'' ਜ਼ਿਕਰਯੋਗ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਵੀ ਗੋਇਲ ਵਿਰੁਧ ਲੱਗੇ ਦੋਸ਼ਾਂ ਨੂੰ ਖਾਰਜ ਕੀਤਾ ਹੈ।ਰਾਹੁਲ ਨੇ ਟਵੀਟ ਵਿਚ ਇਲਜ਼ਾਮ ਲਾਇਆ ਸੀ, ''ਪੀਊਸ਼ ਗੋਇਲ ਦਾ 48 ਕਰੋੜ ਰੁਪਏ ਦੀ ਗੜਬੜੀ ਜਾਲਸਾਜ਼ੀ, ਹਿਤਾਂ ਦੇ ਟਕਰਾਅ ਅਤੇ ਲਾਲਚ ਦਾ ਮਾਮਲਾ ਹੈ।
ਸਬੂਤ ਸੱਭ ਦੇ ਸਾਹਮਣੇ ਹੈ। ਇਸ ਦੇ ਬਾਵਜੂਦ ਮੀਡੀਆ ਇਸ ਖ਼ਬਰ ਨੂੰ ਨਹੀਂ ਛੂਹੇਗਾ। ਇਹ ਦੁੱਖ ਦੀ ਗੱਲ ਹੈ ਕਿ ਜਿਨ੍ਹਾਂ ਪੱਤਰਕਾਰਾਂ ਨੂੰ ਸੱਚ ਨਾਲ ਖੜੇ ਰਹਿਣਾ ਚਾਹੀਦਾ ਹੈ ਉਹ ਨਹੀਂ ਬੋਲਣਗੇ।'' ਉਨ੍ਹਾਂ ਕਿਹਾ ਕਿ ਗੋਇਲ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ। ਦਰਅਸਲ, ਕਾਂਗਰਸ ਨੇਤਾ ਪਵਨ ਖੇੜਾ ਨੇ 28 ਅਪ੍ਰੈਲ ਨੂੰ ਕੁੱਝ ਕਾਗ਼ਜ਼ ਜਨਤਕ ਕਰ ਕੇ ਇਲਜ਼ਾਮ ਲਾਇਆ ਸੀ ਕਿ ਬਿਜਲੀ ਮੰਤਰੀ ਰਹਿੰਦੇ ਹੋਏ ਗੋਇਲ ਨੇ ਅਪਣੀ ਕੰਪਨੀ ਇਕ ਨਿੱਜੀ ਕਾਰਪੋਰੇਟ ਸਮੂਹ ਨੂੰ ਇਕ ਹਜ਼ਾਰ ਗੁਣਾਂ ਜ਼ਿਆਦਾ ਕੀਮਤ ਤੇ ਵੇਚੀ ਅਤੇ ਅਪਣੀ ਜਾਇਦਾਦ ਦੇ ਵੇਰਵੇ ਵਿਚ ਇਸ ਦੀ ਚਰਚਾ ਨਹੀਂ ਕੀਤੀ।ਦੂਜੇ ਪਾਸੇ ਪ੍ਰਧਾਨ ਮੰਤਰੀ ਨੇ ਕਰਨਾਟਕ ਵਿਚ ਇਕ ਚੋਣ ਸਭਾ ਵਿਚ ਕਿਹਾ ਕਿ ਅਸੀਂ ਕਾਂਗਰਸ ਦੇ ਪ੍ਰਧਾਨ ਸਾਹਮਣੇ ਨਹੀਂ ਬੈਠ ਸਕਦੇ ਹਾਂ, ਤੁਸੀ ਨਾਮਦਾਰ ਅਤੇ ਅਸੀ ਕਾਮਦਾਰ ਹਾਂ। ਅਸੀਂ ਤਾਂ ਚੰਗੇ ਕੱਪੜੇ ਵੀ ਨਹੀਂ ਪਾ ਸਕਦੇ, ਤੁਹਾਡੇ ਸਾਹਮਣੇ ਕਿਵੇਂ ਬੈਠਾਂਗੇ। ਮੋਦੀ ਨੇ ਤੰਜ ਕਸਦੇ ਹੋਏ ਕਿਹਾ ਕਿ ਰਾਹੁਲ ਜਿਸ ਭਾਸ਼ਾ ਵਿਚ ਵੀ ਗੱਲ ਕਰ ਸਕਣ, ਹੱਥ ਵਿਚ ਕਾਗਜ ਲਈ ਬਿਨਾਂ ਕਰਨਾਟਕ ਸਰਕਾਰ ਦੀਆਂ ਉਪਲਬਧੀਆਂ ਹੀ ਜਨਤਾ ਦੇ ਸਾਹਮਣੇ ਬੋਲ ਦੇਣ। (ਏਜੰਸੀ)