ਦਿੱਲੀ ਹਾਈ ਕੋਰਟ 'ਚ ਦਿੱਲੀ ਕਮੇਟੀ ਨੇ ਮੰਨਿਆ ਡਵੀਜ਼ਨਲ ਬੈਂਚ ਦੇ ਹੁਕਮ ਮੁਤਾਬਕ ਤਨਖ਼ਾਹਾਂ ਦੇ ਦਿਆਂਗੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੁਰੂ ਹਰਿਕ੍ਰਿਸ਼ਨ ਸਕੂਲਾਂ ਦੀਆਂ 6 ਬ੍ਰਾਂਚਾਂ ਦੇ ਮਾਸਟਰਾਂ ਨੂੰ ਤਨਖ਼ਾਹਾਂ ਨਾ ਦੇਣ ਦਾ ਮਾਮਲਾ

File Photo

ਨਵੀਂ ਦਿੱਲੀ, 1 ਮਈ (ਅਮਨਦੀਪ ਸਿੰਘ): ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਮਾਸਟਰਾਂ ਨੂੰ ਤਨਖ਼ਾਹਾਂ ਨਾ ਦੇ ਕੇ, ਬਦਨਾਮੀ ਖੱਟ ਰਹੀ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਹਾਈਕੋਰਟ ਵਿਚ ਖ਼ੁਦ ਮੰਨ ਲਿਆ ਹੈ ਕਿ ਉਹ 24 ਅਪ੍ਰੈਲ ਨੂੰ ਡਵੀਜ਼ਨ ਬੈਂਚ ਵਲੋਂ ਦਿਤੇ ਗਏ ਹੁਕਮ ਮੁਤਾਬਕ ਹੀ ਮਾਸਟਰਾਂ ਦੀ ਬਕਾਇਆ ਤਨਖ਼ਾਹਾਂ 10 ਦਿਨਾਂ ਦੇ ਅੰਦਰ ਦੇ ਦਿਤੀਆਂ ਜਾਣਗੀਆਂ।

ਦਿੱਲੀ ਹਾਈ ਕੋਰਟ ਦੀ ਜੱਜ ਰੇਖਾ ਪੱਲੀ ਨੇ 30 ਅਪ੍ਰੈਲ ਨੂੰ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਹੇਮਕੁੰਟ ਕਾਲੋਨੀ ਬ੍ਰਾਂਚ ਦੇ ਮਾਸਟਰਾਂ ਵਲੋਂ ਦਾਖ਼ਲ ਕੀਤੀ ਗਈ ਅਰਜ਼ੀ ਦੀ ਵੀਡੀਉ ਕਾਨਫ਼ਰੰਸਿੰਗ ਰਾਹੀਂ ਸੁਣਵਾਈ ਕਰਦੇ ਹੋਏ ਕੋਈ ਨਵਾਂ ਹੁਕਮ ਇਸ ਲਈ ਨਹੀਂ ਦਿਤਾ ਕਿਉਂਕਿ ਖ਼ੁਦ ਦਿੱਲੀ ਗੁਰਦਵਾਰਾ ਕਮੇਟੀ ਦੇ ਵਕੀਲ ਜਸਮੀਤ ਸਿੰਘ ਨੇ ਅਦਾਲਤ ਵਿਚ ਮੰਨ ਲਿਆ ਕਿ ਡਵੀਜ਼ਨ ਬੈਂਚ ਵਲੋਂ ਪਹਿਲਾਂ ਪਾਸ ਕੀਤੇ ਗਏ ਹੁਕਮ ਨੂੰ ਮੰਨ ਕੇ, ਹੀ ਮਾਸਟਰਾਂ ਨੂੰ ਫ਼ਰਵਰੀ ਤੇ ਮਾਰਚ 2020 ਦੀਆਂ ਤਨਖ਼ਾਹਾਂ ਦਾ ਭੁਗਤਾਨ ਕਰ ਦਿਤਾ ਜਾਵੇਗਾ।

ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਹੇਮਕੁੰਟ ਕਾਲੋਨੀ, ਦੇ ਮਾਸਟਰ ਬਲਜੀਤ ਸਿੰਘ ਤੇ ਹੋਰਨਾਂ ਬਨਾਮ ਮਨਜੀਤ ਸਿੰਘ ਜੀ ਕੇ ਮਾਮਲੇ ਵਿਚ ਮਾਸਟਰਾਂ ਨੇ ਅਦਾਲਤ ਦੇ ਪਹਿਲੇ ਹੁਕਮਾਂ ਦੀ ਹੱਤਕ ਹੋਣ ਦੀ  ਅਰਜ਼ੀ ਦੇ ਕੇ ਅਦਾਲਤ ਨੂੰ ਬੇਨਤੀ ਕੀਤੀ ਸੀ ਕਿ ਫ਼ਰਵਰੀ ਤੇ ਮਾਰਚ ਮਹੀਨੇ ਦੀਆਂ ਤਨਖ਼ਾਹਾਂ ਦਿਵਾਈਆਂ ਜਾਣ। ਜ਼ਿਕਰਯੋਗ ਹੈ  ਕਿ ਦਿੱਲੀ ਹਾਈ ਕੋਰਟ ਦੇ ਦੋਹਰੇ ਬੈਂਚ ਨੇ ਗੁਰੂ  ਹਰਿਕ੍ਰਿਸ਼ਨ ਸਕੂਲਾਂ ਦੀਆਂ ਤਿਲਕ ਨਗਰ, ਫ਼ਤਹਿ ਨਗਰ, ਨਾਨਕ ਪਿਆਉ, ਹਰਿਗੋਬਿੰਦ ਐਨਕਲੇਵ ਤੇ ਇੰਡੀਆ ਗੇਟ ਬ੍ਰਾਂਚਾਂ ਦੀਆਂ ਤਨਖ਼ਾਹਾਂ ਨਾ ਦੇਣ ਕਰ ਕੇ, ਦਿੱਲੀ ਕਮੇਟੀ ਦੀ ਝਾੜ ਝੰਬ ਕੀਤੀ ਸੀ। ਹੁਣ ਹੇਮਕੁੰਟ ਕਾਲੋਨੀ ਬ੍ਰਾਂਚ ਦੇ ਮਾਮਲੇ ਵਿਚ ਇਕਹਿਰੇ ਬੈਂਚ ਵਿਚ  ਹੋਈ ਸੁਣਵਾਈ ਵਿਚ ਦਿੱਲੀ ਕਮੇਟੀ ਨੇ ਪਿਛਲ਼ੇ ਹਫ਼ਤੇ ਦੇ ਅਦਾਲਤੀ ਹੁਕਮਾਂ ਨੂੰ ਮੰਨਣ ਦੀ ਗੱਲ ਆਖ ਦਿਤੀ ਹੈ।