ਰੇਲਵੇ ਨੇ ਮਜ਼ਦੂਰ ਲਈ ਛੇ ਸਪੈਸ਼ਲ ਟਰੇਨਾਂ ਚਲਾਈਆਂ
ਰੇਲਵੇ ਨੇ ਕਿਹਾ ਹੈ ਕਿ ਵੱਖ ਵੱਖ ਥਾਵਾਂ 'ਤੇ ਫਸੇ ਪਰਵਾਸੀ ਮਜ਼ਦੂਰਾਂ, ਸ਼ਰਧਾਲੂਆਂ, ਸੈਲਾਨੀਆਂ, ਵਿਦਿਆਰਥੀਆਂ
ਨਵੀਂ ਦਿੱਲੀ, 1 ਮਈ: ਰੇਲਵੇ ਨੇ ਕਿਹਾ ਹੈ ਕਿ ਵੱਖ ਵੱਖ ਥਾਵਾਂ 'ਤੇ ਫਸੇ ਪਰਵਾਸੀ ਮਜ਼ਦੂਰਾਂ, ਸ਼ਰਧਾਲੂਆਂ, ਸੈਲਾਨੀਆਂ, ਵਿਦਿਆਰਥੀਆਂ ਅਤੇ ਹੋਰ ਲੋਕਾਂ ਦੀ ਘਰ ਵਾਪਸੀ ਲਈ ਸ਼ੁਕਰਵਾਰ ਨੂੰ ਮਜ਼ਦੂਰ ਦਿਵਸ ਤੋਂ ਮਜ਼ਦੂਰ ਸਪੈਸ਼ਲ ਟਰੇਨਾਂ ਚਲਾਈਆਂ ਜਾਣਗੀਆਂ। ਪਹਿਲੀ ਅਜਿਹੀ ਟਰੇਨ ਸ਼ੁਕਰਵਾਰ ਸਵੇਰੇ 4.50 ਵਜੇ ਹੈਦਰਾਬਾਦ ਤੋਂ ਝਾਰਖੰਡ ਲਈ ਰਵਾਨਾ ਹੋਈ ਜਿਸ ਵਿਚ 1200 ਯਾਤਰੀ ਹਨ। ਰੇਲਵੇ ਨੇ ਛੇ ਸਪੈਸ਼ਲ ਮਜ਼ਦੂਰ ਟਰੇਨਾਂ ਚਲਾਈਆਂ ਹਨ।
ਇਨ੍ਹਾਂ ਵਿਚ ਲਿੰਗਮਪੱਲੀ ਤੋਂ ਹਟੀਆ, ਨਾਸਿਕ ਤੋਂ ਲਖਨਊ, ਅਲੁਵਾ ਤੋਂ ਭੁਵਨੇਸ਼ਵਰ, ਨਾਸਿਕ ਤੋਂ ਭੋਪਾਲ, ਜੈਪੁਰ ਤੋਂ ਘਟਨਾ ਅਤੇ ਕੋਟਾ ਤੋਂ ਹਟੀਆ ਵਿਚਾਲੇ ਚੱਲਣ ਵਾਲੀਆਂ ਟਰੇਨਾਂ ਸ਼ਾਮਲ ਹਨ। ਰੇਲਵੇ ਮੁਤਾਬਕ ਇਹ ਵਿਸ਼ੇਸ਼ ਗੱਡੀਆਂ ਦੋ ਥਾਵਾਂ ਵਿਚਾਲੇ ਅਤੇ ਦੋਹਾਂ ਰਾਜ ਸਰਕਾਰਾਂ ਦੀ ਬੇਨਤੀ 'ਤੇ ਚਲਣਗੀਆਂ ਅਤੇ ਇਨ੍ਹਾਂ ਵਿਚ ਫਸੇ ਹੋਏ ਲੋਕਾਂ ਨੂੰ ਭੇਜਣ ਤੇ ਪਹੁੰਚਾਣ ਨਾਲ ਜੁੜੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ। (ਏਜੰਸੀ)
ਪ੍ਰਵਾਸੀ ਮਜ਼ਦੂਰਾਂ ਬਾਰੇ ਕੇਂਦਰ ਦਾ ਦਿਸ਼ਾ-ਨਿਰਦੇਸ਼ ਤੁਗ਼ਲਕੀ ਫ਼ੁਰਮਾਨ : ਕਾਂਗਰਸ
ਨਵੀਂ ਦਿੱਲੀ, 1 ਮਈ: ਕਾਂਗਰਸ ਨੇ ਵੱਖ ਵੱਖ ਰਾਜਾਂ ਵਿਚ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਘਰ ਭੇਜਣ ਦਾ ਪ੍ਰਬੰਧ ਕਰਨ ਨਾਲ ਜੁੜੇ ਕੇਂਦਰ ਦੇ ਦਿਸ਼ਾ-ਨਿਰਦੇਸ਼ ਨੂੰ ਤੁਗ਼ਲਕੀ ਫ਼ੁਰਮਾਨ ਕਰਾਰ ਦਿੰਦਿਆਂ ਦੋਸ਼ ਲਾਇਆ ਕਿ ਨਰਿੰਦਰ ਮੋਦੀ ਸਰਕਾਰ ਨੇ ਮਜ਼ਦੂਰਾਂ ਨਾਲ ਕੋਝਾ ਮਜ਼ਾਕ ਕੀਤਾ ਹੈ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਹਾਲ 'ਤੇ ਛੱਡ ਦਿਤਾ ਹੈ। ਪਾਰਟੀ ਦੇ ਬੁਲਾਰੇ ਮਨੂੰ ਸਿੰਘਵੀ ਨੇ ਮਜ਼ਦੂਰਾਂ ਨੂੰ ਵਿੱਤੀ ਮਦਦ ਦੇਣ ਦੀ ਵੀ ਕੇਂਦਰ ਨੂੰ ਬੇਨਤੀ ਕੀਤੀ।
ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, '29 ਅਪ੍ਰੈਲ ਨੂੰ ਜਾਰੀ ਕੇਂਦਰ ਦੇ ਹੁਕਮ ਵਿਚ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਭੇਜਣ ਦੀ ਆਗਿਆ ਦਿਤੀ ਗਈ ਹੈ। ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਬਸਾਂ ਵਿਚ ਭੇਜਿਆ ਜਾਵੇ ਪਰ ਇਹ ਨਹੀਂ ਦਸਿਆ ਗਿਆ ਕਿ ਕੇਂਦਰ ਸਰਕਾਰ ਕੀ ਕਰੇਗੀ? ਇਸ ਲਈ ਮੈਂ ਇਸ ਨੂੰ ਤੁਗ਼ਲਕੀ ਫ਼ੁਰਮਾਨ ਕਹਿੰਦਾ ਹਾਂ। ਇਹ ਕੋਝਾ ਮਜ਼ਾਕ ਹੈ।'
ਸਿੰਘਵੀ ਨੇ ਦਾਅਵਾ ਕੀਤਾ ਕਿ ਇਸ ਨਾਲ ਮਜ਼ਦੂਰਾਂ ਪ੍ਰਤੀ ਕੇਂਦਰ ਸਰਕਾਰ ਦੇ ਰਵਈਏ ਦਾ ਪਤਾ ਲਗਦਾ ਹੈ। ਉਨ੍ਹਾਂ ਕਿਹਾ ਕਿ ਭਾਰੀ ਗਿਣਤੀ ਵਿਚ ਰੇਲਾਂ ਚਲਾਈਆਂ ਜਾਣੀਆਂ ਚਾਹੀਦੀਆਂ ਹਨ। ਕਾਂਗਰਸ ਆਗੂ ਨੇ ਕਿਹਾ ਕਿ ਸਰਕਾਰ ਜੇ ਚਾਹੇ ਤਾਂ ਮਜ਼ਦੂਰਾਂ ਨੂੰ ਭੇਜਣ ਲਈ ਵਿਸ਼ੇਸ਼ ਜਹਾਜ਼ਾਂ ਦਾ ਪ੍ਰਬੰਧ ਵੀ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ, 'ਅਸੀਂ ਚਾਹੁੰਦੇ ਹਾਂ ਕਿ ਮਜ਼ਦੂਰਾਂ ਦੀ ਮਦਦ ਲਈ ਕੇਂਦਰ ਸਰਕਾਰ ਵਿੱਤੀ ਮਦਦ ਦੇਵੇ। ਇਹ ਵਕਤ ਦੀ ਲੋੜ ਹੈ।' (ਏਜੰਸੀ)