ਇਕ ਪਰਿਵਾਰ 'ਚ 3 ਪੁੱਤਾਂ ਦੀ ਹੋਈ ਮੌਤ, 2 ਦੀ ਕੋਰੋਨਾ ਨੇ ਲਈ ਜਾਨ ਤੀਜੇ ਨੂੰ ਪਿਆ ਦਿਲ ਦਾ ਦੌਰਾ
ਵੱਡੇ ਭਰਾ ਦੀ ਮੌਤ ਸ਼ਨੀਵਾਰ ਦੁਪਹਿਰ ਕਰੀਬ 12 ਵਜੇ ਹੋਈ ਅਤੇ ਛੋਟੇ ਭਰਾ ਨੇ ਸ਼ਾਮ 6 ਵਜੇ ਇਕ ਨਿੱਜੀ ਹਸਪਤਾਲ 'ਚ ਦਮ ਤੋੜ ਦਿੱਤਾ।
ਗਵਾਲੀਅਰ- ਮੱਧ ਪ੍ਰਦੇਸ਼ 'ਚ ਕੋਰੋਨਾ ਦਾ ਕਹਿਰ ਜਾਰੀ ਹੈ। ਹਰ ਰੋਜ਼ ਕੋਰੋਨਾ ਕਰ ਕੇ ਕਈ ਜਾਨਾਂ ਜਾ ਰਹੀਆਂ ਹਨ ਪਰ ਸ਼ਨੀਵਾਰ ਨੂੰ ਗਵਾਲੀਅਰ ਦੇ ਇਕ ਘਰ 'ਚ ਕੋਰੋਨਾ ਨੇ ਅਜਿਹਾ ਕਹਿਰ ਢਾਇਆ ਕਿ 24 ਘੰਟਿਆਂ 'ਚ ਪਰਿਵਾਰ ਦੇ 3 ਪੁੱਤਰਾਂ ਦੀ ਮੌਤ ਹੋ ਗਈ। 2 ਪੁੱਤਰਾਂ ਦੀ ਜਾਨ ਕੋਰੋਨਾ ਨੇ ਲੈ ਲਈ।
ਪਰਿਵਾਰ ਅਜੇ ਉਸ ਸਦਮੇ ਵਿਚੋਂ ਬਾਹਰ ਵੀ ਨਹੀਂ ਆਇਆ ਸੀ ਕਿ ਤੀਜੇ ਭਰਾ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਕ ਦਿਨ 'ਚ ਇਕੱਠੇ ਤਿੰਨ ਪੁੱਤਰਾਂ ਦੀ ਮੌਤ ਨਾਲ ਪਰਿਵਾਰ ਸਦਮੇ 'ਚ ਹੈ ਅਤੇ ਇਲਾਕੇ 'ਚ ਡਰ ਦਾ ਮਾਹੌਲ ਹੈ।
ਜਾਣਕਾਰੀ ਅਨੁਸਾਰ ਦਿਲ ਦਹਿਲਾਅ ਦੇਣ ਵਾਲਾ ਮਾਮਲਾ ਮੁਰਾਰ ਦੇ ਬਜਾਜ ਖਾਨਾ ਦਾ ਹੈ, ਜਿੱਥੇ 2 ਸਕੇ ਭਰਾਵਾਂ ਦੀ 6 ਘੰਟਿਆਂ ਦੇ ਅੰਤਰਾਲ 'ਚ ਮੌਤ ਹੋ ਗਈ। ਦੋਵੇਂ ਭਰਾ ਕੋਰੋਨਾ ਪੀੜਤ ਸਨ। ਵੱਡੇ ਭਰਾ ਦੀ ਮੌਤ ਸ਼ਨੀਵਾਰ ਦੁਪਹਿਰ ਕਰੀਬ 12 ਵਜੇ ਹੋਈ ਅਤੇ ਛੋਟੇ ਭਰਾ ਨੇ ਸ਼ਾਮ 6 ਵਜੇ ਇਕ ਨਿੱਜੀ ਹਸਪਤਾਲ 'ਚ ਦਮ ਤੋੜ ਦਿੱਤਾ।
ਭਰਾਵਾਂ ਦੀ ਮੌਤ ਦਾ ਸਦਮਾ ਤੀਜਾ ਭਰਾ ਜੋਗੇਂਦਰ ਪਾਲ ਬਰਦਾਸ਼ਤ ਨਹੀਂ ਕਰ ਸਕਿਆ ਅਤੇ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਜਿਸ ਤੋਂ ਬਾਅਦ ਉਸ ਨੂੰ ਜਲਦੀ 'ਚ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਜਿੱਥੇ ਐਤਵਾਰ ਸਵੇਰੇ ਉਸ ਨੇ ਵੀ ਦਮ ਤੋੜ ਦਿੱਤਾ। ਇਕੱਠੇ ਤਿੰਨ ਭਰਾਵਾਂ ਦੀ ਮੌਤ ਨਾਲ ਪੂਰੇ ਮੁਹੱਲੇ 'ਚ ਮਾਤਮ ਪਸਰਿਆ ਹੋਇਆ ਹੈ।