ਇੰਦੌਰ ’ਚ ਕਾਂਗਰਸ ਦੇ ‘ਡਮੀ’ ਉਮੀਦਵਾਰ ਨੇ ਮੱਧ ਪ੍ਰਦੇਸ਼ ਹਾਈ ਕੋਰਟ ’ਚ ਚੋਣ ਲੜਨ ਲਈ ਅਪੀਲ ਦਾਇਰ ਕੀਤੀ
ਕਾਂਗਰਸ ਦੇ ਚੋਣ ਨਿਸ਼ਾਨ ‘ਪੰਜੇ’ ਨਾਲ ਚੋਣ ਲੜਨ ਦੀ ਇਜਾਜ਼ਤ ਮੰਗੀ
ਇੰਦੌਰ: ਕਾਂਗਰਸ ਦੇ ‘ਡਮੀ’ ਉਮੀਦਵਾਰ ਮੋਤੀ ਸਿੰਘ ਨੇ ਵੀਰਵਾਰ ਨੂੰ ਮੱਧ ਪ੍ਰਦੇਸ਼ ਹਾਈ ਕੋਰਟ ’ਚ ਅਪੀਲ ਦਾਇਰ ਕਰ ਕੇ ਪਾਰਟੀ ਦੇ ਚੋਣ ਨਿਸ਼ਾਨ ਨਾਲ ਚੋਣ ਲੜਨ ਦੀ ਇਜਾਜ਼ਤ ਮੰਗੀ ਹੈ। ਮੋਤੀ ਸਿੰਘ ਨੇ ਅਪਣੀ ਅਪੀਲ ’ਚ ਹਾਈ ਕੋਰਟ ਦੀ ਸਿੰਗਲ ਬੈਂਚ ਦੇ 30 ਅਪ੍ਰੈਲ ਦੇ ਫੈਸਲੇ ਨੂੰ ਚੁਨੌਤੀ ਦਿਤੀ ਹੈ, ਜਿਸ ’ਚ ਕਾਂਗਰਸ ਦੇ ਚੋਣ ਨਿਸ਼ਾਨ ਨਾਲ ਚੋਣ ਲੜਨ ਦੀ ਇਜਾਜ਼ਤ ਮੰਗਣ ਵਾਲੀ ਉਨ੍ਹਾਂ ਦੀ ਪਟੀਸ਼ਨ ਖਾਰਜ ਕਰ ਦਿਤੀ ਗਈ ਸੀ। ਸਿੰਗਲ ਬੈਂਚ ਨੇ ਕਿਹਾ ਸੀ ਕਿ ਇਹ ਪਟੀਸ਼ਨ ਨਿਯਮਾਂ-ਕਾਇਦਿਆਂ ਬਾਰੇ ਗਲਤਫਹਿਮੀ ਕਾਰਨ ਦਾਇਰ ਕੀਤੀ ਗਈ ਹੈ।
ਹਾਈ ਕੋਰਟ ਦੀ ਡਬਲ ਬੈਂਚ ਸਿੰਘ ਦੀ ਅਪੀਲ ’ਤੇ 3 ਮਈ (ਸ਼ੁਕਰਵਾਰ) ਨੂੰ ਸੁਣਵਾਈ ਕਰ ਸਕਦੀ ਹੈ। ਰਿਟਰਨਿੰਗ ਅਧਿਕਾਰੀ ਨੇ ਛੇ ਦਿਨ ਪਹਿਲਾਂ ਮੋਤੀ ਸਿੰਘ ਦੀ ਨਾਮਜ਼ਦਗੀ ਰੱਦ ਕਰ ਦਿਤੀ ਸੀ ਪਰ ਉਨ੍ਹਾਂ ਨੇ ਇੰਦੌਰ ਤੋਂ ਕਾਂਗਰਸ ਉਮੀਦਵਾਰ ਅਕਸ਼ੈ ਕਾਂਤੀ ਬਮ ਦੀ ਨਾਮਜ਼ਦਗੀ ਵਾਪਸ ਲੈਣ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੂੰ ਪਾਰਟੀ ਦੇ ਚੋਣ ਨਿਸ਼ਾਨ ਨਾਲ ਚੋਣ ਲੜਨ ਦੀ ਇਜਾਜ਼ਤ ਦੇਣ ਲਈ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ।
ਮੋਤੀ ਸਿੰਘ ਦੀ ਅਪੀਲ ਵਿਚ ਕਿਹਾ ਗਿਆ ਹੈ ਕਿ ਰਿਟਰਨਿੰਗ ਅਧਿਕਾਰੀ ਨੇ 26 ਅਪ੍ਰੈਲ ਨੂੰ ਦਸਤਾਵੇਜ਼ਾਂ ਦੀ ਪੜਤਾਲ ਦੌਰਾਨ ਕਥਿਤ ਤੌਰ ’ਤੇ ਗਲਤ ਤਰੀਕੇ ਨਾਲ ਉਨ੍ਹਾਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿਤੇ ਸਨ ਕਿਉਂਕਿ ਉਹ ਸਿਰਫ ਇਕ ਬਦਲਵੇਂ ਉਮੀਦਵਾਰ ਸਨ ਜਦਕਿ ਬਮ ਪਾਰਟੀ ਦੇ ਮਨਜ਼ੂਰਸ਼ੁਦਾ ਉਮੀਦਵਾਰ ਸਨ। ਅਪੀਲ ਵਿਚ ਕਿਹਾ ਗਿਆ ਹੈ ਕਿ ਕਿਉਂਕਿ ਬਮ ਨੇ ਅਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਲਿਆ ਹੈ, ਇਸ ਲਈ ਮੋਤੀ ਸਿੰਘ ਨੂੰ ਚੋਣ ਨਿਸ਼ਾਨ (ਰਾਖਵਾਂਕਰਨ ਅਤੇ ਅਲਾਟਮੈਂਟ ਆਰਡਰ) 1968 ਦੇ ਤਹਿਤ ਕਾਂਗਰਸ ਦੇ ਚੋਣ ਨਿਸ਼ਾਨ ‘ਪੰਜੇ’ ਨਾਲ ਚੋਣ ਲੜਨ ਦੀ ਇਜਾਜ਼ਤ ਦਿਤੀ ਜਾਣੀ ਚਾਹੀਦੀ ਹੈ।
ਇੰਦੌਰ ’ਚ ਕਾਂਗਰਸ ਨੂੰ ਵੱਡਾ ਝਟਕਾ ਦਿੰਦੇ ਹੋਏ ਬਮ ਨੇ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਆਖਰੀ ਤਰੀਕ 29 ਅਪ੍ਰੈਲ ਨੂੰ ਅਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਲਿਆ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ’ਚ ਸ਼ਾਮਲ ਹੋ ਗਏ। ਇਸ ਦੇ ਨਾਲ ਹੀ ਭਾਜਪਾ ਦਾ ਮਜ਼ਬੂਤ ਗੜ੍ਹ ਕਹੇ ਜਾਣ ਵਾਲੇ ਇਸ ਸੀਟ ’ਤੇ ਕਾਂਗਰਸ ਦੀ ਚੋਣ ਚੁਨੌਤੀ ਖਤਮ ਹੋ ਗਈ ਹੈ, ਜਿੱਥੇ ਉਹ ਪਿਛਲੇ 35 ਸਾਲਾਂ ਤੋਂ ਜਿੱਤ ਦਾ ਇੰਤਜ਼ਾਰ ਕਰ ਰਹੀ ਹੈ।
ਇੰਦੌਰ ’ਚ ਕਾਂਗਰਸ ਦਾ ‘ਨੋਟਾ’ ’ਤੇ ਜ਼ੋਰ, ਭਾਜਪਾ ਨੇ ਕਿਹਾ, ‘ਨਕਾਰਾਤਮਕ ਪੈਂਤਰਿਆਂ ’ਤੇ ਉਤਰੀ ਵਿਰੋਧੀ ਪਾਰਟੀ’
ਇੰਦੌਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਅਕਸ਼ੈ ਕਾਂਤੀ ਬਮ ਵਲੋਂ ਆਖਰੀ ਸਮੇਂ ’ਤੇ ਅਪਣੀ ਉਮੀਦਵਾਰੀ ਵਾਪਸ ਲੈਣ ਤੋਂ ਬਾਅਦ ਚੋਣ ਸਮੀਕਰਨਾਂ ’ਚ ਭਾਰੀ ਬਦਲਾਅ ਆਇਆ ਹੈ। ਬਮ ਦੇ ਭਾਰਤੀ ਜਨਤਾ ਪਾਰਟੀ (ਭਾਜਪਾ) ’ਚ ਸ਼ਾਮਲ ਹੋਣ ਤੋਂ ਨਾਰਾਜ਼ ਕਾਂਗਰਸੀ ਆਗੂਆਂ ਨੇ ਵੋਟਰਾਂ ਨੂੰ 13 ਮਈ ਨੂੰ ਹੋਣ ਵਾਲੀਆਂ ਚੋਣਾਂ ਦੌਰਾਨ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ’ਤੇ ‘ਨੋਟਾ’ (ਉਪਰੋਕਤ ’ਚੋਂ ਕੋਈ ਨਹੀਂ) ਬਦਲ ਚੁਣਨ ਦੀ ਖੁੱਲ੍ਹ ਕੇ ਅਪੀਲ ਕਰਨੀ ਸ਼ੁਰੂ ਕਰ ਦਿਤੀ ਹੈ ਤਾਂ ਜੋ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਸਬਕ ਸਿਖਾਇਆ ਜਾ ਸਕੇ।
ਕਾਂਗਰਸ ਦੀ ਸੀਨੀਅਰ ਨੇਤਾ ਸ਼ੋਭਾ ਓਜ਼ਾ ਨੇ ਵੀਰਵਾਰ ਨੂੰ ਕਿਹਾ, ‘‘ਇੰਦੌਰ ਦੇ ਵੋਟਰਾਂ ਨੇ ਪਿਛਲੀਆਂ ਨਗਰ ਨਿਗਮ ਚੋਣਾਂ ਅਤੇ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੂੰ ਬੰਪਰ ਜਿੱਤ ਦਿਵਾਈ ਹੈ। ਫਿਰ ਵੀ ਭਾਜਪਾ ਨੇ ਇੰਦੌਰ ਦੀ ਅਦਾਲਤ ’ਚ ਬਮ ਨੂੰ ਗਲਤ ਢੰਗ ਨਾਲ ਘਸੀਟ ਕੇ ਲੋਕਤੰਤਰ ਦਾ ਕਤਲ ਕੀਤਾ। ਅਜਿਹੇ ’ਚ ਵੋਟਰਾਂ ਨੂੰ ‘ਨੋਟਾ’ ਦੀ ਵਰਤੋਂ ਨਾਲ ਭਾਜਪਾ ਨੂੰ ਕਰਾਰਾ ਜਵਾਬ ਦੇਣਾ ਚਾਹੀਦਾ ਹੈ।’’
ਇੰਦੌਰ ਪ੍ਰਦੇਸ਼ ਕਾਂਗਰਸ ਪ੍ਰਧਾਨ ਜੀਤੂ ਪਟਵਾਰੀ ਦਾ ਗ੍ਰਹਿ ਖੇਤਰ ਹੈ। ਪਟਵਾਰੀ ਨੇ 30 ਅਪ੍ਰੈਲ ਨੂੰ ਐਲਾਨ ਕੀਤਾ ਸੀ ਕਿ ਚੋਣ ਮੈਦਾਨ ਤੋਂ ਬਾਹਰ ਪਾਰਟੀ ਇੰਦੌਰ ’ਚ ਕਿਸੇ ਵੀ ਉਮੀਦਵਾਰ ਨੂੰ ਅਪਣਾ ਸਮਰਥਨ ਨਹੀਂ ਦੇਵੇਗੀ। ਉਨ੍ਹਾਂ ਇਹ ਵੀ ਕਿਹਾ ਸੀ ਕਿ ਲੋਕਤੰਤਰੀ ਪ੍ਰਣਾਲੀ ’ਚ ਵਿਸ਼ਵਾਸ ਰੱਖਣ ਵਾਲੀ ਕਾਂਗਰਸ ਵੋਟਰਾਂ ਨੂੰ ਚੋਣਾਂ ਦਾ ਬਾਈਕਾਟ ਕਰਨ ਲਈ ਨਹੀਂ ਕਹਿ ਰਹੀ ਪਰ ਉਨ੍ਹਾਂ ਕੋਲ ਭਾਜਪਾ ਨੂੰ ਸਬਕ ਸਿਖਾਉਣ ਲਈ ‘ਨੋਟਾ’ ਦਾ ਬਦਲ ਵੀ ਹੈ।
ਇੰਦੌਰ ਤੋਂ ਸਾਬਕਾ ਸੰਸਦ ਮੈਂਬਰ ਅਤੇ ਭਾਜਪਾ ਉਮੀਦਵਾਰ ਸ਼ੰਕਰ ਲਾਲਵਾਨੀ ਨੇ ਕਿਹਾ ਕਿ ਕਾਂਗਰਸ ਨੇਤਾਵਾਂ ਵਲੋਂ ਵੋਟਰਾਂ ਵਲੋਂ ‘ਨੋਟਾ’ ਦੀ ਵਰਤੋਂ ਕਰਨ ਦੀ ਦੁਰਭਾਵਨਾ ਦਰਸਾਉਂਦੀ ਹੈ ਕਿ ਮੁੱਖ ਵਿਰੋਧੀ ਪਾਰਟੀ ਨੇ ਲੋਕਤੰਤਰ ਦੇ ਮਹਾਨ ਤਿਉਹਾਰ ਵਿਚ ਨਕਾਰਾਤਮਕ ਰਣਨੀਤੀ ਅਪਣਾਈ ਹੈ।
ਭਾਜਪਾ ਪਿਛਲੇ 35 ਸਾਲਾਂ ਤੋਂ ਇੰਦੌਰ ਸੀਟ ’ਤੇ ਕਬਜ਼ਾ ਕਰ ਰਹੀ ਹੈ। ਇਸ ਵਾਰ ਵੋਟਰਾਂ ਦੀ ਗਿਣਤੀ ਦੇ ਹਿਸਾਬ ਨਾਲ ਸੂਬੇ ਦੇ ਸੱਭ ਤੋਂ ਵੱਡੇ ਲੋਕ ਸਭਾ ਹਲਕੇ ’ਚ 25.13 ਲੱਖ ਲੋਕ ਵੋਟ ਪਾਉਣ ਦੇ ਯੋਗ ਹਨ, ਜਿੱਥੇ ਭਾਜਪਾ ਨੇ ਅੱਠ ਲੱਖ ਵੋਟਾਂ ਦੇ ਫਰਕ ਨਾਲ ਜਿੱਤ ਦਾ ਨਾਅਰਾ ਦਿਤਾ ਹੈ। 2019 ਦੀਆਂ ਲੋਕ ਸਭਾ ਚੋਣਾਂ ’ਚ ਲਾਲਵਾਨੀ ਨੇ ਅਪਣੇ ਨੇੜਲੇ ਵਿਰੋਧੀ ਕਾਂਗਰਸ ਉਮੀਦਵਾਰ ਪੰਕਜ ਸੰਘਵੀ ਨੂੰ 5.48 ਲੱਖ ਵੋਟਾਂ ਨਾਲ ਹਰਾਇਆ ਸੀ। ਕੁਲ 5,045 ਵੋਟਰਾਂ ਨੇ ਨੋਟਾ ਦੀ ਚੋਣ ਕੀਤੀ।
ਅਧਿਕਾਰੀਆਂ ਨੇ ਦਸਿਆ ਕਿ ਮੌਜੂਦਾ ਲੋਕ ਸਭਾ ਚੋਣਾਂ ’ਚ ਨਾਮਜ਼ਦਗੀ ਚਿੱਠੀ ਵਾਪਸ ਲੈਣ ਤੋਂ ਬਾਅਦ ਇੰਦੌਰ ਸੀਟ ’ਤੇ 14 ਉਮੀਦਵਾਰ ਮੈਦਾਨ ’ਚ ਰਹਿ ਗਏ ਹਨ, ਜਿਨ੍ਹਾਂ ’ਚ 9 ਆਜ਼ਾਦ ਉਮੀਦਵਾਰ ਵੀ ਸ਼ਾਮਲ ਹਨ। ਉਨ੍ਹਾਂ ਵਿਚੋਂ ਇਕ ਆਜ਼ਾਦ ਉਮੀਦਵਾਰ ਅਭੈ ਜੈਨ ਨੇ ਨੋਟਾ ਦੇ ਹੱਕ ਵਿਚ ਕਾਂਗਰਸੀ ਨੇਤਾਵਾਂ ਦੀ ਅਪੀਲ ’ਤੇ ਕਿਹਾ, ‘‘ਨੋਟਾ ਦਾ ਬਦਲ ਲੋਕਤੰਤਰ ਲਈ ਸਹੀ ਨਹੀਂ ਹੈ। ਵੋਟਰਾਂ ਨੂੰ ਕਿਸੇ ਨਾ ਕਿਸੇ ਉਮੀਦਵਾਰ ਦੀ ਹੀ ਚੋਣ ਕਰਨੀ ਚਾਹੀਦੀ ਹੈ।’’
ਜੈਨ ਰਾਸ਼ਟਰੀ ਸਵੈਮਸੇਵਕ ਸੰਘ ਦੇ ਸਾਬਕਾ ਪ੍ਰਚਾਰਕਾਂ ਦੀ ਸਾਂਝੀ ਸੰਸਥਾ ਜਨਹਿਤ ਪਾਰਟੀ ਦੇ ਮੁਖੀ ਹਨ। ਇਸ ਨਵੀਂ ਪਾਰਟੀ ਨੂੰ ਅਜੇ ਚੋਣ ਕਮਿਸ਼ਨ ਦੀ ਮਾਨਤਾ ਨਹੀਂ ਮਿਲੀ ਹੈ। ਪਾਰਟੀ ਇੰਦੌਰ ਨੂੰ ਨਸ਼ਿਆਂ ਅਤੇ ਧਨ ਸ਼ਕਤੀ ਅਤੇ ਬਾਹੂਬਲ ਦੀ ਸਿਆਸਤ ਤੋਂ ਮੁਕਤ ਕਰਨ ਦੇ ਮੁੱਖ ਵਾਅਦਿਆਂ ਨਾਲ ਚੋਣ ਮੈਦਾਨ ’ਚ ਹੈ।