Pjwal Revanna : ਅਸ਼ਲੀਲ ਵੀਡੀਓ ਮਾਮਲੇ 'ਚ ਪ੍ਰਜਵਲ ਰੇਵੰਨਾ ਦੀਆਂ ਵਧੀਆਂ ਮੁਸ਼ਕਿਲਾਂ , ਕਰਨਾਟਕ ਸਰਕਾਰ ਨੇ ਜਾਰੀ ਕੀਤਾ ਲੁੱਕਆਊਟ ਨੋਟਿਸ
ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵਗੌੜਾ ਦੇ ਪੋਤੇ ਪ੍ਰਜਵਲ 'ਤੇ ਮਹਿਲਾਵਾਂ ਨਾਲ ਜਿਨਸੀ ਸ਼ੋਸ਼ਣ ਦੇ ਲੱਗੇ ਆਰੋਪ
Pjwal Revanna : ਅਸ਼ਲੀਲ ਵੀਡੀਓ ਮਾਮਲੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵਗੌੜਾ ਦੇ ਪੋਤੇ ਅਤੇ ਕਰਨਾਟਕ ਦੇ ਹਾਸਨ ਤੋਂ ਜੇਡੀਐਸ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਕਰਨਾਟਕ ਦੇ ਗ੍ਰਹਿ ਮੰਤਰੀ ਡਾਕਟਰ ਜੀ ਪਰਮੇਸ਼ਵਰ ਨੇ ਕਿਹਾ ਕਿ ਸਰਕਾਰ ਨੇ ਔਰਤਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ 'ਚ ਪ੍ਰਜਵਲ ਰੇਵੰਨਾ ਨੂੰ ਗ੍ਰਿਫਤਾਰ ਕਰਨ ਲਈ ਲੁੱਕਆਊਟ ਸਰਕੂਲਰ ਜਾਰੀ ਕੀਤਾ ਹੈ।
ਲੁੱਕਆਊਟ ਨੋਟਿਸ ਜਾਰੀ
ਪ੍ਰਜਵਲ ਰੇਵੰਨਾ ਦੇ ਵਿਦੇਸ਼ ਵਿੱਚ ਹੋਣ ਦੇ ਕਾਰਨ ਕੇਸ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੇ ਸਾਹਮਣੇ ਪੇਸ਼ ਹੋਣ ਲਈ ਸੱਤ ਦਿਨ ਹੋਰ ਮੰਗੇ ਜਾਣ 'ਤੇ ਗ੍ਰਹਿ ਮੰਤਰੀ ਡਾਕਟਰ ਜੀ ਪਰਮੇਸ਼ਵਰ ਨੇ ਕਿਹਾ ਕਿ 24 ਘੰਟੇ ਤੋਂ ਵੱਧ ਸਮਾਂ ਦੇਣ ਦਾ ਕੋਈ ਪ੍ਰਬੰਧ ਨਹੀਂ ਹੈ।
ਪ੍ਰਜਵਲ ਰੇਵੰਨਾ ਦੇ ਕਈ ਵੀਡੀਓ ਆਏ ਸਾਹਮਣੇ
ਪ੍ਰਜਵਲ ਰੇਵੰਨਾ ਸਾਬਕਾ ਮੰਤਰੀ ਐਚਡੀ ਰੇਵੰਨਾ ਦਾ ਪੁੱਤਰ ਹੈ। ਹਾਲ ਹੀ ਦੇ ਦਿਨਾਂ 'ਚ ਹਸਨ 'ਚ 33 ਸਾਲਾ ਸੰਸਦ ਮੈਂਬਰ ਨਾਲ ਜੁੜੇ ਕੁਝ ਵੀਡੀਓ ਕਲਿੱਪ ਸਾਹਮਣੇ ਆਏ ਸਨ। ਇਨ੍ਹਾਂ ਵੀਡੀਓਜ਼ ਵਿੱਚ ਔਰਤਾਂ ਦੇ ਜਿਨਸੀ ਸ਼ੋਸ਼ਣ ਦਾ ਖੁਲਾਸਾ ਹੋਇਆ ਸੀ। ਪ੍ਰਜਵਲ ਰੇਵੰਨਾ ਹਸਨ ਲੋਕ ਸਭਾ ਹਲਕੇ ਤੋਂ ਐਨਡੀਏ ਦੇ ਉਮੀਦਵਾਰ ਸਨ, ਜਿੱਥੇ 26 ਅਪ੍ਰੈਲ ਨੂੰ ਚੋਣਾਂ ਹੋਈਆਂ ਸਨ।
ਜਦੋਂ ਜਾਂਚ ਹੋਈ ਤਾਂ ਪ੍ਰਜਵਲ ਦੀ ਨੌਕਰਾਣੀ ਨੇ ਵੀ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਕੀਤੀ। ਉਸਨੇ ਇਹ ਵੀ ਕਿਹਾ ਕਿ ਪ੍ਰਜਵਲ ਦੀ ਨਜ਼ਰ ਉਸਦੀ ਬੇਟੀ 'ਤੇ ਵੀ ਸੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪ੍ਰਜਵਲ ਫਰਾਰ ਹੋ ਗਿਆ ਹੈ ਅਤੇ ਪੁਲਿਸ ਵੱਲੋਂ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ।
ਪ੍ਰਜਵਲ ਅਤੇ ਉਸਦੇ ਪਿਤਾ 'ਤੇ ਜਿਨਸੀ ਸ਼ੋਸ਼ਣ ਦਾ ਆਰੋਪ
ਗ੍ਰਹਿ ਮੰਤਰੀ ਡਾਕਟਰ ਜੀ ਪਰਮੇਸ਼ਵਰ ਨੇ ਕਿਹਾ ਕਿ ਇਕ ਔਰਤ ਨੇ ਪ੍ਰਜਵਲ ਅਤੇ ਉਸ ਦੇ ਪਿਤਾ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਉਂਦੇ ਹੋਏ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਕਿਹਾ ਕਿ ਇੱਕ ਹੋਰ ਪੀੜਤ ਨੇ ਅੱਗੇ ਆ ਕੇ ਪ੍ਰਜਵਲ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਪੀੜਤਾ ਦੇ ਬਿਆਨ ਦਰਜ ਕਰ ਲਏ ਗਏ ਹਨ। ਇਸ ਦੌਰਾਨ ਇਕ ਹੋਰ ਔਰਤ ਨੇ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਦਾ ਵੇਰਵਾ ਮੈਂ ਸਾਂਝਾ ਨਹੀਂ ਕਰ ਸਕਦਾ।