ਸੀਤਾ ਮਾਤਾ ਦਾ ਜਨਮ ਟੈਸਟ ਟਿਊਬ ਬੇਬੀ ਦਾ ਸਬੂਤ ਸੀ : ਭਾਜਪਾ ਉਪ ਮੁੱਖ ਮੰਤਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯੂਪੀ ਦੇ ਉਪ ਮੁੱਖ ਮੰਤਰੀ ਡਾ. ਦਿਨੇਸ਼ ਸ਼ਰਮਾ ਨੇ ਕਿਹਾ ਹੈ ਕਿ ਸੀਤਾ ਦਾ ਜਨਮ ਘੜੇ ਵਿਚੋਂ ਹੋਇਆ ਸੀ ਤੇ ਜ਼ਰੂਰ ਉਸ ਸਮੇਂ ਵੀ ਟੈਸਟ ਟਿਊਬ ਬੇਬੀ ਦੀ ਤਕਨੀਕ ਮੌਜੂਦ...

Dr. Dinesh Sharma

ਲਖਨਊ,ਯੂਪੀ ਦੇ ਉਪ ਮੁੱਖ ਮੰਤਰੀ ਡਾ. ਦਿਨੇਸ਼ ਸ਼ਰਮਾ ਨੇ ਕਿਹਾ ਹੈ ਕਿ ਸੀਤਾ ਦਾ ਜਨਮ ਘੜੇ ਵਿਚੋਂ ਹੋਇਆ ਸੀ ਤੇ ਜ਼ਰੂਰ ਉਸ ਸਮੇਂ ਵੀ ਟੈਸਟ ਟਿਊਬ ਬੇਬੀ ਦੀ ਤਕਨੀਕ ਮੌਜੂਦ ਸਨ। ਸੋਸ਼ਲ ਮੀਡੀਆ ਵਿਚ ਕਿਸੇ ਪ੍ਰੋਗਰਾਮ ਦੀ ਵੀਡੀਉ ਚੱਲ ਰਹੀ ਹੈ ਜਿਸ ਵਿਚ ਸ਼ਰਮਾ ਨੂੰ ਕਹਿੰਦਿਆਂ ਸੁਣਿਆ ਜਾ ਸਕਦਾ ਹੈ, 'ਸਾਨੂੰ ਇਹ ਪਤਾ ਲਗਦਾ ਹੈ ਕਿ ਰਾਮ ਚੰਦਰ ਜੀ ਜਦ ਲੰਕਾ ਤੋਂ ਮੁੜੇ ਤਾਂ ਪੁਸ਼ਪਕ ਜਹਾਜ਼ ਵਿਚ ਵਾਪਸ ਆਏ।

ਉਸ ਸਮੇਂ ਵੀ ਜਹਾਜ਼ ਸੀ। ਅਸੀਂ ਹਰ ਤਕਨੀਕ ਨੂੰ.. ਜਿਵੇਂ ਕਹਿੰਦੇ ਹਨ ਕਿ ਸੀਤਾ ਜੀ ਦਾ ਜਨਮ ਹੋਇਆ ਤਾਂ ਘੜੇ ਵਿਚੋਂ ਹੋਇਆ ਤਾਂ ਉਸ ਸਮੇਂ ਟੈਸਟ ਟਿਊਬ ਬੇਬੀ ਦਾ ਕੋਈ ਨਾ ਕੋਈ ਪ੍ਰਾਜੈਕਟ ਰਿਹਾ ਹੋਵੇਗਾ।' ਉਨ੍ਹਾਂ ਕਿਹਾ, 'ਜਨਕ ਜੀ ਨੇ ਜੋ ਹਲ ਚਲਾਇਆ ਅਤੇ ਘੜੇ ਅੰਦਰੋਂ ਨਿਕਲੀ ਬੇਬੀ ਸੀਤਾ ਜੀ ਬਣ ਗਈ, ਇਹ ਕੋਈ ਨਾ ਕੋਈ ਤਕਨੀਕ ਜਿਵੇਂ ਅੱਜਕਲ ਦਾ ਟੈਸਟ ਟਿਊਬ ਬੇਬੀ ਹੈ, ਅਜਿਹਾ ਹੀ ਕੁੱਝ ਹੋਵੇਗਾ।' ਇਸ ਤੋਂ ਪਹਿਲਾਂ ਤ੍ਰਿਪੁਰਾ ਦੇ ਮੁੱਖ ਮੰਤਰੀ ਬਿਲਬ ਕੁਮਾਰ ਦਾਸ ਨੇ ਮਹਾਭਾਰਤ ਕਾਲ ਵਿਚ ਵੀ ਇੰਟਰਨੈਟ ਦੀ ਸਹੂਲਤ ਹੋਣ ਦਾ ਦਾਅਵਾ ਕੀਤਾ ਸੀ।

ਦਿਨੇਸ਼ ਸ਼ਰਮਾ ਨੇ ਵੀ ਕਲ ਉਨ੍ਹਾਂ ਦੀ ਗੱਲ ਦੁਹਰਾਈ ਸੀ। ਸੂਤਰਾਂ ਮੁਤਾਬਕ ਭਾਜਪਾ ਹਾਈ ਕਮਾਨ ਦਿਨੇਸ਼ ਸ਼ਰਮਾ ਦੇ ਇਸ ਬਿਆਨ ਤੋਂ ਅਸਹਿਮਤ ਅਤੇ ਨਾਰਾਜ਼ ਹੈ। ਸ਼ਰਮਾ ਨੂੰ ਕਿਹਾ ਗਿਆ ਹੈ ਕਿ ਉਹ ਅਜਿਹੇ ਬਿਆਨ ਦੇਣ ਤੋਂ ਗੁਰੇਜ਼ ਕਰੇ ਜਿਸ ਕਾਰਨ ਪਾਰਟੀ  ਨੂੰ ਨਮੋਸ਼ੀ ਭਰੀ ਹਾਲਤ ਦਾ ਸਾਹਮਣਾ ਕਰਨਾ ਪਵੇ। ਉਧਰ, ਕਾਂਗਰਸ ਨੇ ਕਿਹਾ ਕਿ ਸੀਤਾ ਮਾਤਾ ਨੂੰ ਟੈਸਟ ਟਿਊਬ ਬੇਬੀ ਕਹਿਣਾ ਦੇਸ਼ਵਾਸੀਆਂ ਦੀ ਸ਼ਰਧਾ ਨਾਲ ਮਜ਼ਾਕ ਹੈ। ਕਾਂਗਰਸ ਬੁਲਾਰੇ ਨੇ ਕਿਹਾ ਕਿ ਭਾਜਪਾ ਆਗੂ ਨੇ ਸ਼ਰਧਾ ਨਾਲ ਖਿਲਵਾੜ ਕੀਤਾ ਹੈ।  (ਏਜੰਸੀ)