ਸਾਉਣੀ ਦੀਆਂ 14 ਫ਼ਸਲਾਂ ਦੇ ਸਮਰਥਨ ਮੁੱਲ ਦਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰੀ ਕੈਬਨਿਟ ਨੇ 14 ਸਾਉਣ ਦੀਆਂ ਫ਼ਸਲਾਂ ਦਾ ਘੱਟ ਤੋਂ ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਵਧਾਉਣ ਦੀ ਸੋਮਵਾਰ ਨੂੰ ਮਨਜ਼ੂਰੀ ਦੇ

Prakash Javadekar

ਨਵੀਂ ਦਿੱਲੀ, 1 ਜੂਨ: ਕੇਂਦਰੀ ਕੈਬਨਿਟ ਨੇ 14 ਸਾਉਣ ਦੀਆਂ ਫ਼ਸਲਾਂ ਦਾ ਘੱਟ ਤੋਂ ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਵਧਾਉਣ ਦੀ ਸੋਮਵਾਰ ਨੂੰ ਮਨਜ਼ੂਰੀ ਦੇ ਦਿਤੀ। ਕੇਂਦਰੀ ਕੈਬਨਿਟ ਦੇ ਫ਼ੈਸਲਿਆਂ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਦਸਿਆ ਕਿ ਐਮ.ਐਸ.ਪੀ. ਵਧਾਉਣ ਨਾਲ ਕਿਸਾਨਾਂ ਦੀ ਲਾਗਤ ਮੁਕਾਬਲੇ 50 ਤੋਂ 83 ਫ਼ੀ ਸਦੀ ਤਕ ਵੱਧ ਕੀਮਤ ਮਿਲਣਾ ਯਕੀਨੀ ਹੋਵੇਗਾ।

ਖੇਤੀਬਾੜੀ ਮੰਤਰਰੀ ਨਰਿੰਦਰ ਸਿੰਘ ਤੋਮਰ ਨੇ ਦਸਿਆ ਕਿ ਫ਼ਸਲ ਵਰ੍ਹੇ 2020-21 ਲਈ ਝੋਨੇ ਦਾ ਐਮ.ਐਸ.ਪੀ. 53 ਰੁਪਏ ਵਧਾ ਕੇ 1868 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਮਨਜ਼ੂਰ ਦੇ ਦਿਤੀ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਝੋਨੇ ਦੀ ਫ਼ਸਲ ਦੇ ਐਮ.ਐਸ.ਪੀ. 'ਚ ਵਾਧੇ ਨਾਲ ਕਿਸਾਨਾਂ ਨੂੰ ਲਾਗਤ 'ਤੇ 50 ਫ਼ੀ ਸਦੀ ਲਾਭ ਯਕੀਨੀ ਹੋਵੇਗਾ। ਗ੍ਰੇਡ ਏ (ਬਾਰੀਕ ਕਿਸਮ ਦੇ) ਝੋਨੇ ਦਾ ਐਮ.ਐਸ.ਪੀ. 1835 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 1888 ਰੁਪਏ ਪ੍ਰਤੀ ਕੁਇੰਟਲ ਕਰ ਦਿਤਾ ਗਿਆ ਹੈ। ਇਸ ਤੋਂ ਇਲਾਵਾ ਨਰਮੇ ਦਾ ਐਮ.ਐਸ.ਪੀ. 260 ਰੁਪਏ ਵਧਾ ਕੇ 5515 ਰੁਪਏ ਪ੍ਰਤੀ ਕੁਇੰਟਲ ਕਰ ਦਿਤਾ ਗਿਆ ਹੈ।  (ਪੀਟੀਆਈ)

ਕੈਪਟਨ ਅਮਰਿੰਦਰ ਸਿੰਘ ਨੇ ਝੋਨੇ ਦੇ ਘੱਟੋ-ਘੱਟ ਸਮਰਥਨ ਮੁੱਲ 'ਚ ਕੀਤੇ ਮਾਮੂਲੀ ਵਾਧੇ ਨੂੰ ਨਾਕਾਫ਼ੀ ਦਸਦਿਆਂ ਰੱਦ ਕੀਤਾ
ਚੰਡੀਗੜ੍ਹ, 1 ਜੂਨ (ਸਪੋਕਸਮੈਨ ਸਮਾਚਾਰ ਸੇਵਾ): ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਵਲੋਂ ਝੋਨੇ ਦੇ ਘੱਟੋ-ਘੱਟ ਸਮਰਥਨ ਮੁੱਲ ਦੇ ਐਲਾਨੇ ਗਏ ਵਾਧੇ ਨੂੰ ਨਾਕਾਫ਼ੀ ਦਸਦਿਆਂ ਰੱਦ ਕਰ ਦਿਤਾ। ਉਨ੍ਹਾਂ ਕਿਹਾ ਕਿ ਕੋਵਿਡ ਦੇ ਸੰਕਟ ਦਰਮਿਆਨ ਵੀ ਕਿਸਾਨਾਂ ਨੂੰ ਦਰਪੇਸ਼ ਗੰਭੀਰ ਮੁਸ਼ਕਲਾਂ ਦੂਰ ਕਰਨ ਵਿਚ ਭਾਰਤ ਸਰਕਾਰ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਕੈਪਟਨ ਨੇ ਝੋਨੇ ਦੇ ਘੱਟੋ-ਘੱਟ ਸਮਰਥਨ ਮੁੱਲ ਵਿਚ ਪ੍ਰਤੀ ਕੁਇੰਟਲ 53 ਰੁਪਏ ਦੇ ਮਾਮੂਲੀ ਇਜ਼ਾਫ਼ੇ ਨੂੰ ਸ਼ਰਮਨਾਕ ਦਸਦੇ ਹੋਏ ਅਣਉਚਿਤ ਕਰਾਰ ਦਿਤਾ।

ਮੁੱਖ ਮੰਤਰੀ ਨੇ ਕਿਹਾ ਕਿ ਕਰਜ਼ੇ ਦੇ ਬੋਝ ਅਤੇ ਦੁੱਖਾਂ-ਤਕਲੀਫਾਂ ਨਾਲ ਜੂਝ ਰਹੀ ਕਿਸਾਨੀ ਇਸ ਅਣਕਿਆਸੇ ਸਮੇਂ ਵਿਚ ਉਨ੍ਹਾਂ ਦੀ ਬਾਂਹ ਫੜਨ ਲਈ ਕੇਂਦਰ ਸਰਕਾਰ ਵਲ ਦੇਖ ਰਹੀ ਸੀ ਪਰ ਕੇਂਦਰ ਨੇ ਕਿਸਾਨਾਂ ਦੀ ਅਤਿ ਲੋੜੀਂਦੀ ਮਦਦ ਕਰਨ ਤੋਂ ਇਕ ਵਾਰ ਫੇਰ ਟਾਲਾ ਵੱਟ ਲਿਆ। ਕੈਪਟਨ ਨੇ ਕਿਹਾ ਕਿ ਖੇਤੀ ਲਾਗਤਾਂ ਵਧਣ ਖ਼ਾਸ ਤੌਰ 'ਤੇ ਮਜ਼ਦੂਰ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਦੇ ਇਵਜ਼ ਵਿਚ ਕਿਸਾਨਾਂ ਨੂੰ ਮੁਆਵਜ਼ਾ ਦੇਣਾ ਤਾਂ ਦੂਰ ਦੀ ਗੱਲ ਰਹੀ ਸਗੋਂ ਭਾਅ ਵਿਚ ਕੀਤਾ ਗਿਆ ਵਾਧਾ ਮਾਰਚ ਤੇ ਅਪ੍ਰੈਲ ਵਿਚ ਬੇਮੌਸਮੇ ਮੀਹਾਂ ਨਾਲ ਉਨ੍ਹਾਂ ਦੀਆਂ ਫ਼ਸਲਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਨ 'ਤੇ ਵੀ ਪੂਰਾ ਨਹੀਂ ਉਤਰਦਾ।