ਸਰਕਾਰ ਨੇ ਵਾਪਸ ਲਈ CAPF ਕੰਟੀਨਾਂ ਲਈ 'ਗੈਰ-ਸਵਦੇਸ਼ੀ ਸਮਾਨ' ਦੀ ਸੂਚੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ ਕਿ ਕੇਂਦਰੀ ਪੁਲਿਸ ਕਲਿਆਣ ਭੰਡਾਰ ਵੱਲੋਂ ਜਾਰੀ ਸੂਚੀ ਵਿਚ ਕਮੀਆਂ ਸਨ, ਇਸ ਲਈ ਇਸ ਨੂੰ ਵਾਪਸ ਲੈ ਲਿਆ ਗਿਆ।

Canteen

ਨਵੀਂ ਦਿੱਲੀ: ਸੈਂਟਰਲ ਆਰਮਡ ਪੁਲਿਸ ਫੋਰਸ ਦੀਆਂ ਕੰਟੀਨਾਂ ਵਿਚ ਇਕ ਹਜ਼ਾਰ ਤੋਂ ਜ਼ਿਆਦਾ ਗੈਰ-ਸਵਦੇਸ਼ੀ ਸਮਾਨ ਦੀ ਵਿਕਰੀ ਰੋਕਣ ਨਾਲ ਸਬੰਧਤ ਸੂਚੀ ਨੂੰ ਜਨਤਕ ਕਰਨ ਤੋਂ ਕੁਝ ਹੀ ਘੰਟੇ ਬਾਅਦ ਇਸ ਨੂੰ ਵਾਪਸ ਲੈ ਲਿਆ। ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ ਕਿ ਕੇਂਦਰੀ ਪੁਲਿਸ ਕਲਿਆਣ ਭੰਡਾਰ ਵੱਲੋਂ ਜਾਰੀ ਸੂਚੀ ਵਿਚ ਕਮੀਆਂ ਸਨ, ਇਸ ਲਈ ਇਸ ਨੂੰ ਵਾਪਸ ਲੈ ਲਿਆ ਗਿਆ।

ਨਵੀਂ ਸੂਚੀ ਜਲਦ ਜਾਰੀ ਕੀਤੀ ਜਾਵੇਗੀ। ਸੀਏਪੀਐਫ ਕੰਟੀਨਾਂ ਦੇ ਬੋਰਡ ਦੇ ਪ੍ਰਬੰਧਨ ਦੀ ਨਿਗਰਾਨੀ ਕਰਨ ਵਾਲੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਨੇ ਕਿਹਾ ਕਿ ਸੂਚੀ 'ਗਲਤੀ ਨਾਲ' ਜਾਰੀ ਕਰ ਦਿੱਤੀ ਗਈ ਸੀ। ਸੀਆਰਪੀਐਫ ਦੇ ਡਾਇਰੈਕਟਰ ਜਨਰਲ ਦੇ ਨਾਂਅ ਤੋਂ ਜਾਰੀ ਕੀਤੇ ਗਏ ਬਿਆਨ ਵਿਚ ਕਿਹਾ ਗਿਆ ਹੈ, ‘‘ ਸਪੱਸ਼ਟ ਕੀਤਾ ਜਾਂਦਾ ਹੈ ਕਿ ਕੇਂਦਰੀ ਪੁਲਿਸ ਕਲਿਆਣ ਭੰਡਾਰ ਵੱਲੋਂ ਕੁਝ ਚੀਜ਼ਾਂ ਦੀ ਵਿਕਰੀ ‘ਤੇ ਪਾਬੰਦੀ ਸੰਬੰਧੀ 29 ਮਈ 2020 ਨੂੰ ਜਾਰੀ ਕੀਤੀ ਗਈ ਸੂਚੀ ਨੂੰ ਸੀਈਓ ਪੱਧਰ 'ਤੇ ਗਲਤੀ ਨਾਲ ਜਾਰੀ ਕੀਤਾ ਗਿਆ ਸੀ"।

ਕੇਂਦਰੀ ਰਿਜ਼ਰਵ ਪੁਲਿਸ ਫੋਰਸ ਦੇ ਡਾਇਰੈਕਟਰ ਜਨਰਲ, ਭਲਾਈ ਅਤੇ ਮੁੜ ਵਸੇਬਾ ਬੋਰਡ ਦੇ ਚੇਅਰਮੈਨ ਹਨ ਜੋ ਕੰਟੀਨਾਂ ਦੇ ਨੈਟਵਰਕ ਦੀ ਨਿਗਰਾਨੀ ਕਰਦੇ ਹਨ। ਕੇਂਦਰੀ ਗ੍ਰਹਿ ਮੰਤਰਾਲੇ ਨੇ 13 ਮਈ ਨੂੰ ਐਲਾਨ ਕੀਤਾ ਸੀ ਕਿ ਘਰੇਲੂ ਉਦਯੋਗ ਵਿਚ ਵਾਧਾ ਕਰਨ ਦੇ ਯਤਨਾਂ ਦੇ ਤਹਿਤ ਦੇਸ਼ ਭਰ ਵਿਚ ਸੀਏਪੀਐਫ ਦੀਆਂ 1700 ਤੋਂ ਜ਼ਿਆਦਾ ਕੰਟੀਨਾਂ ਵਿਚ ਇਕ ਜੂਨ ਤੋਂ ਸਿਰਫ ਸਵਦੇਸ਼ੀ ਉਤਪਾਦਾਂ ਦੀ ਵਿਕਰੀ ਹੀ ਹੋਵੇਗੀ।

ਇਸ ਤੋਂ ਪਹਿਲਾਂ ਕੇਂਦਰੀ ਪੁਲਿਸ ਕਲਿਆਣ ਭੰਡਾਰ ਨੇ ਸੋਮਵਾਰ ਨੂੰ ਜਾਰੀ ਆਦੇਸ਼ ਵਿਚ ਕਿਹਾ ਸੀ ਕਿ ਬਜਾਜ, ਡਾਬਰ, ਵੀਆਈਪੀ ਇੰਡਸਟ੍ਰੀਜ਼, ਯੂਰੇਕਾ ਫੋਰਬਸ, ਜਕੁਆਰ, ਐਚਯੂਐਲ (ਫੂਡਸ) ਅਤੇ ਨੈਸਲੇ ਇੰਡੀਆ ਆਦਿ ਕੰਪਨੀਆਂ ਦੇ 1,026 ਉਤਪਾਦ ਸੀਏਪੀਐਫ ਦੀਆਂ ਕੰਟੀਨਾਂ ਵਿਚ ਨਹੀਂ ਵੇਚੇ ਜਾਣਗੇ ਕਿਉਂਕਿ ਇਹ 'ਸਵਦੇਸ਼ੀ' ਨਹੀਂ ਹਨ। 

ਅਧਿਕਾਰੀਆਂ ਨੇ ਕਿਹਾ ਕਿ ਪਹਿਲਾਂ ਜਾਰੀ ਕੀਤੀ ਸੂਚੀ ਵਿਚ ਅਜਿਹੀਆਂ ਕਈ ਚੀਜ਼ਾਂ ਸਨ, ਜੋ ਕਿ ਭਾਰਤ ਵਿਚ ਬਣਾਈਆਂ ਜਾਂਦੀਆਂ ਸਨ, ਇਸ ਲਈ ਇਸ ਸੂਚੀ ‘ਤੇ ਪਾਬੰਦੀ ਲਗਾਉਣੀ ਪਈ।