ਸੂਖਮ ਛੋਟੇ ਉਦਯੋਗਾਂ ਲਈ ਪ੍ਰਧਾਨ ਮੰਤਰੀ ਨੇ ਪੇਸ਼ ਕੀਤਾ ਚੈਂਪੀਅਨਜ਼ ਤਕਨੀਕੀ ਮੰਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੁਨੌਤੀਆਂ ਨਾਲ ਜੂਝ ਰਹੇ ਸੂਖਮ, ਛੋਟੇ ਅਤੇ ਦਰਮਿਆਨੇ ਉਦਯੋਗਾਂ (ਐਮ.ਐਸ.ਐਮ.ਈ) ਦੀ ਮਦਦ

Nitin Gadkari With Others

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੁਨੌਤੀਆਂ ਨਾਲ ਜੂਝ ਰਹੇ ਸੂਖਮ, ਛੋਟੇ ਅਤੇ ਦਰਮਿਆਨੇ ਉਦਯੋਗਾਂ (ਐਮ.ਐਸ.ਐਮ.ਈ) ਦੀ ਮਦਦ ਕਰਨ ਅਤੇ ਉਨ੍ਹਾਂ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਮੋਢੀ (ਚੈਂਪੀਅਨ) ਬਣਾਉਣ ਲਈ ਸੋਮਵਾਰ ਨੂੰ ਤਕਨੀਕੀ ਮੰਚ 'ਚੈਂਪੀਅਨਜ਼' ਦੀ ਸ਼ੁਰੂਆਤ ਕੀਤੀ।
ਇਕ ਸਰਕਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਚੈਂਪੀਅਨਜ਼ ਯਾਨੀ ਕਿ ਕ੍ਰੀਏਸ਼ਨ ਐਂਡ ਹਾਰਮੋਨੀਅਮ ਐਪਲੀਕੇਸ਼ਨ ਆਫ਼ ਮਾਡਰਨ ਪ੍ਰੋਸੈਸਿਜ਼ ਫ਼ਾਰ ਇੰਕਰੀਜ਼ਿੰਗ ਦੀ ਆਊਟਪੁਟ ਐਂਡ ਨੈਸ਼ਨਲ ਸਟਰੈਂਥ ਨਾਂ ਦੇ ਪੋਰਟਲ ਨੂੰ ਸ਼ੁਰੂ ਕੀਤਾ।

ਇਸ ਮੌਕੇ ਉਨ੍ਹਾਂ ਨਾਲ ਜ਼ਮੀਨੀ ਆਵਾਜਾਈ ਅਤੇ ਐਮ.ਐਸ.ਐਮ.ਈ. ਮੰਤਰੀ ਨਿਤਿਨ ਗਡਕਰੀ ਵੀ ਸਨ। ਬਿਆਨ 'ਚ ਕਿਹਾ ਗਿਆ ਕਿ ਇਹ ਪੋਰਟਲ ਐਮ.ਐਸ.ਐਮ.ਈ. ਦੀਆਂ ਛੋਟੀਆਂ-ਛੋਟੀਆਂ ਇਕਾਈਆ ਦੀ ਹਰ ਤਰ੍ਹਾਂ ਨਾਲ ਮਦਦ ਕਰ ਕੇ ਉਨ੍ਹਾਂ ਨੂੰ ਚੈਂਪੀਅਨ ਬਣਾਏਗਾ। ਇਹ ਪਹਿਲਾ ਪੋਰਟਲ ਹੈ ਜਿਸ ਨੂੰ ਭਾਰਤ ਸਰਕਾਰ ਦੀ ਮੁੱਖ ਕੇਂਦਰੀਕ੍ਰਿਤ ਲੋਕ ਸ਼ਿਕਾਇਤ ਨਿਵਾਰਨ ਅਤੇ ਨਿਗਰਾਨੀ ਪ੍ਰਣਾਲੀ (ਸੀ.ਪੀ. ਗ੍ਰਾਮਜ਼) ਨਾਲ ਜੋੜਿਆ ਗਿਆ ਹੈ। ਇਸ ਨਾਲ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਦੀ ਵਿਵਸਥਾ ਤੇਜ਼ ਹੋਵੇਗੀ।

ਬਿਆਨ ਅਨੁਸਾਰ ਪੋਰਟਲ ਨੂੰ ਆਰਟੀਫ਼ੀਸ਼ੀਅਲ ਇੰਟੈਲੀਜੈਂਸ (ਏ.ਆਈ.), ਡੇਟਾ ਐਨਾਲੀਟਿਕਸ ਅਤੇ ਮਸ਼ੀਨ ਲਰਨਿੰਗ ਨਾਲ ਲੈਸ ਕੀਤਾ ਗਿਆ ਹੈ। ਇਸ ਨਾਲ ਕਾਰੋਬਾਰੀਆਂ ਦੀ ਸ਼ਿਕਾਇਤ ਤੋਂ ਬਗ਼ੈਰ ਵੀ ਉਨ੍ਹਾਂ ਦੀ ਸਮੱਸਿਆ ਨਿਪਟਾਈ ਜਾ ਸਕੇਗੀ। ਇਸ ਪੋਰਟਲ ਦੀ ਸ਼ੁਰੂਆਤ ਨਾਲ ਹੀ ਸਾਰੇ ਅਧਿਕਾਰੀਆਂ ਨੂੰ ਸਪੱਸ਼ਟ ਹੁਕਮ ਦਿਤਾ ਗਿਆ ਹੈ ਕਿ ਕੋਈ ਵੀ ਫ਼ਾਈਲ 72 ਘੰਟੇ ਤੋਂ ਜ਼ਿਆਦਾ ਸਮੇਂ ਤਕ ਉਨ੍ਹਾਂ ਕੋਲ ਨਾ ਰਹੇ। ਇਹ ਪੋਰਟਲ ਐਮ.ਐਸ.ਐਮ.ਈ. ਨੂੰ ਵਿਅਕਤੀਗਤ ਸੁਰੱਖਿਆ ਪਹਿਨਾਵੇ (ਪੀ.ਪੀ.ਈ.) ਮਾਸਕ ਵਰਗੇ ਮੈਡੀਕਲ ਉਪਕਰਨਾਂ ਦੇ ਨਿਰਮਾਣ ਸਮੇਤ ਹੋਰ ਨਵੇਂ ਮੌਕਿਆਂ ਦੀ ਵੀ ਜਾਣਕਾਰੀ ਦੇਵੇਗਾ। ਪੋਰਟਲ ਬਣਾਈਆਂ ਵਸਤਾਂ ਦੀ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਸਪਲਾਈ 'ਚ ਵੀ ਐਮ.ਐਸ.ਐਮ.ਈ. ਦੀ ਮਦਦ ਕਰੇਗਾ।