ਸਿੱਖ ਕਤਲੇਆਮ : ਅਦਾਲਤ ਨੇ ਟਾਈਟਲਰ ਵਿਰੁਧ ਸੀ.ਬੀ.ਆਈ. ਦੀ ਚਾਰਜਸ਼ੀਟ ਦਾ ਨੋਟਿਸ ਲਿਆ 

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਸ ਵਿਸ਼ੇਸ਼ ਅਦਾਲਤ ’ਚ ਤਬਦੀਲ, 8 ਜੂਨ ਨੂੰ ਸੰਮਨ ਜਾਰੀ ਕਰਨ ਦੀ ਸੰਭਾਵਨਾ

Jagdish Tytlar

ਨਵੀਂ ਦਿੱਲੀ: ਦਿੱਲੀ ਦੀ ਇਕ ਅਦਾਲਤ ਨੇ 1984 ਦੇ ਸਿੱਖ ਕਤਲੇਆਮ ਦੌਰਾਨ ਤਿੰਨ ਵਿਅਕਤੀਆਂ ਦੇ ਕਤਲ ਅਤੇ ਇਕ ਗੁਰਦਵਾਰੇ ’ਚ ਅੱਗ ਲਾਉਣ ਦੇ ਪੁਲ ਬੰਗਸ਼ ਮਾਮਲੇ ’ਚ ਕਾਂਗਰਸ ਆਗੂ ਜਗਦੀਸ਼ ਟਾਈਟਲਰ ਵਿਰੁਧ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੀ ਚਾਰਜਸ਼ੀਟ ’ਤੇ ਸ਼ੁਕਰਵਾਰ ਨੂੰ ਨੋਟਿਸ ਲਿਆ। 

ਚੀਫ਼ ਮੈਟ੍ਰੋਪੋਲੀਟਨ ਮੈਜਿਸਟ੍ਰੇਟ ਮਹਿਮਾ ਰਾਏ ਸਿੰਘ ਨੇ ਚਾਰਜਸ਼ੀਟ ਦਾ ਨੋਟਿਸ ਲਿਆ ਅਤੇ ਮਾਮਲੇ ਨੂੰ ਵਧੀਕ ਚੀਫ਼ ਮੈਟ੍ਰੋਪਾਲੀਟਨ ਮੈਜਿਸਟ੍ਰੇਟ (ਐਸ.ਸੀ.ਐਮ.ਐਮ.) ਵਿਧੀ ਗੁਪਤਾ ਨੂੰ ਭੇਜ ਦਿਤਾ, ਕਿਉਂਕਿ ਮਾਮਲਾ ਇਕ ਸਾਬਕਾ ਸੰਸਦ ਮੈਂਬਰ ਨਾਲ ਸਬੰਧਤ ਹੈ। 

ਏ.ਸੀ.ਐਮ.ਐਮ. ਗੁਪਤਾ ਵਲੋਂ 8 ਜੂਨ ਨੂੰ ਚਾਰਜਸ਼ੀਟ ਦਾ ਨੋਟਿਸ ਲੈਣ ਅਤੇ ਟਾਈਟਲਰ ਨੂੰ ਸੰਮਨ ਜਾਰੀ ਕਰਨ ਦੀ ਸੰਭਾਵਨਾ ਹੈ। 

ਸੀ.ਬੀ.ਆਈ. ਨੇ 20 ਮਈ ਨੂੰ ਦਾਖ਼ਲ ਆਪਣੀ ਚਾਰਜਸ਼ੀਟ ’ਚ ਦੋਸ਼ ਲਾਇਆ ਹੈ ਕਿ ਟਾਈਟਲਰ ਨੇ 1 ਨਵੰਬਰ, 1984 ਨੂੰ ਆਜ਼ਾਦ ਮਾਰਕੀਟ ’ਚ ਪੁਲ ਬੰਗਸ਼ ਗੁਰਵਾਰੇ ’ਚ ਇਕੱਠੀ ਭੀੜ ਨੂੰ ‘ਭੜਕਾਇਆ’ ਜਿਸ ਦੇ ਨਤੀਜੇ ਵਜੋਂ ਗੁਰਦਵਾਰੇ ਨੂੰ ਸਾੜ ਦਿਤਾ ਗਿਆ ਅਤੇ ਤਿੰਨ ਸਿੱਖਾਂ - ਠਾਕੁਰ ਸਿੰਘ, ਬਾਦਲ ਸਿੰਘ ਅਤੇ ਗੁਰਚਰਨ ਸਿੰਘ ਦਾ ਕਤਲ ਕਰ ਦਿਤਾ ਗਿਆ। 

ਏਜੰਸੀ ਨੇ ਸਾਬਕਾ ਕੇਂਦਰੀ ਮੰਤਰੀ ਵਿਰੁਧ ਆਈ.ਪੀ.ਸੀ. ਦੀ ਧਾਰਾ 147 (ਦੰਗਾ), 149 (ਗ਼ੈਰਕਾਨੂੰਨੀ ਇਕੱਠ), 153ਏ (ਭੜਕਾਊ ਕਾਰਾ), 109 (ਉਕਸਾਉਣਾ) ਦੇ ਨਾਲ 302 (ਕਤਲ), 295 (ਧਾਰਮਥ ਥਾਵਾਂ ਨੂੰ ਅਪਵਿੱਤਰ ਕਰਨਾ) ਤਹਿਤ ਦੋਸ਼ ਲਾਏ ਹਨ।