ਕੋਰੋਮੰਡਲ ਐਕਸਪ੍ਰੈੱਸ ਲੀਹੋਂ ਲੱਥੀ, 50 ਦੀ ਮੌਤ, ਸੈਂਕੜੇ ਜ਼ਖ਼ਮੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਿਗਨਲ ਫ਼ੇਲ੍ਹ ਹੋਣ ਕਰਕੇ ਦੋਵੇਂ ਰੇਲ ਗੱਡੀਆਂ ਇਕ ਹੀ ਲਾਈਨ ’ਤੇ ਆ ਗਈਆਂ

Rescue operation being conducted after four coaches of the Coromandel Express derailed after a head-on collision with a goods train in which at least 47 injured and several passengers are feared dead, in Balasore district, Friday evening, June 2, 2023, (PTI Photo

ਬਾਲਾਸੋਰ: ਉੜੀਸਾ ਦੇ ਬਾਲਾਸੋਰ ਜ਼ਿਲ੍ਹੇ ’ਚ ਕੋਰੋਮੰਡਲ ਐਕਸਪ੍ਰੈੱਸ ਦੇ 10-12 ਡੱਬੇ ਅੱਜ ਪਟੜੀ ਤੋਂ ਉਤਰ ਗਏ। ਹਾਦਸਾ ਸ਼ਾਮ 7:20 ਵਜੇ ਵਾਪਰਿਆ ਜਦੋਂ ਸੂਪਰਫ਼ਾਸਟ ਕੋਰੋਮੰਡਲ ਐਕਸਪ੍ਰੈੱਸ ਰੇਲਗੱਡੀ ਕੋਲਕਾਤਾ ਦੇ ਸ਼ਾਲੀਮਾਰ ਸਟੇਸ਼ਨ ਤੋਂ ਚੇਨਈ ਸੈਂਟਰਲ ਸਟੇਸ਼ਨ ਵਲ ਜਾ ਰਹੀ ਸੀ।

ਅਜਿਹਾ ਦਸਿਆ ਜਾ ਰਿਹਾ ਹੈ ਕਿ ਉੜੀਸਾ ਦੇ ਬਹਿਰੰਗਾ ਇਲਾਕੇ ’ਚ ਕੋਰੋਮੰਡਲ ਐਕਸਪ੍ਰੈੱਸ ਦੇ 10-12 ਕੋਚ ਅਪਣੀ ਪਟੜੀ ਤੋਂ ਉਤਰ ਕੇ ਦੂਜੀ ਪਟੜੀ ’ਤੇ ਚੜ੍ਹ ਗਏ। ਕੁਝ ਸਮੇਂ ਬਾਅਦ ਇਕ ਮਾਲ ਮੱਡੀ ਉਨ੍ਹਾਂ ’ਚ ਆ ਕੇ ਟਕਰਾ ਗਈ। ਅਧਿਕਾਰੀਆਂ ਅਨੁਸਾਰ ਘੱਟ ਤੋਂ ਘੱਟ 50 ਵਿਅਕਤੀਆਂ ਦੀ ਮੌਤ ਹੋਣ ਅਤੇ ਲਗਭਗ 200 ਲੋਕਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ। 

ਵਿਸ਼ੇਸ਼ ਰਾਹਤ ਕਮਿਸ਼ਨਰ ਦੇ ਦਫ਼ਤਰ ਨੇ ਕਿਹਾ ਕਿ ਹਾਦਸੇ ਵਾਲੀ ਥਾਂ ਵਲ ਰਾਹਤ ਟੀਮਾਂ ਨੂੰ ਭੇਜ ਦਿਤਾ ਗਿਆ ਹੈ। ਬਾਲਾਸੋਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਵੀ ਹਾਦਸੇ ਵਾਲੀ ਥਾਂ ਪਹੁੰਚ ਕੇ ਜ਼ਰੂਰੀ ਇੰਤਜ਼ਾਮ ਕਰਨ ਦਾ ਹੁਕਮ ਦਿਤਾ ਗਿਆ। ਜਦਕਿ ਦੱਖਣ ਪੂਰਬੀ ਰੇਲਵੇ ਨੇ ਕਿਹਾ ਕਿ ਰਾਹਤ ਰੇਲਗੱਡੀਆਂ ਨੂੰ ਹਾਦਸੇ ਵਾਲੀ ਥਾਂ ਭੇਜ ਦਿਤਾ ਗਿਆ ਹੈ। 

ਲੀਹੋਂ ਲੱਥੇ ਰੇਲਗੱਡੀ ਦੇ ਡੱਬਿਆਂ ’ਚ ਕਈ ਯਾਤਰੀ ਫਸ ਗਏ ਜਿਨ੍ਹਾਂ ਦੀ ਜਾਨ ਬਚਾਉਣ ਲਈ ਵੱਡੀ ਗਿਣਤੀ ’ਚ ਸਥਾਨਕ ਲੋਕਾਂ ਨੇ ਮਦਦ ਕੀਤੀ। ਹਾਦਸਾ ਏਨਾ ਭਿਆਨਕ ਸੀ ਕਿ ਕੋਰੋਮੰਡਲ ਐਕਸਪ੍ਰੈੱਸ ਦਾ ਇੰਜਣ ਮਾਲਗੱਡੀ ’ਤੇ ਹੀ ਚੜ੍ਹ ਗਿਆ। 

ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਹਾਦਸੇ ਦੀ ਖ਼ਬਰ ਮਿਲਣ ’ਤੇ ਸਦਮੇ ਦਾ ਪ੍ਰਗਟਾਵਾ ਕੀਤਾ ਹੈ। ਇਕ ਟਵੀਟ ਕਰ ਕੇ ਉਨ੍ਹਾਂ ਕਿਹਾ ਕਿ ਉਹ 5-6 ਮੈਂਬਰਾਂ ਦੀ ਟੀਮ ਭੇਜ ਰਹੇ ਹਨ ਜੋ ਕਿ ਉਡੀਸ਼ਾ ਸਰਕਾਰ ਅਤੇ ਰੇਲਵੇ ਅਥਾਰਟੀਆਂ ਦੀ ਰਾਹਤ ਕਾਰਜਾਂ ’ਚ ਮਦਦ ਕਰੇਗੀ। ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਵਿਸ਼ੇਸ਼ ਰਾਹਤ ਕਮਿਸ਼ਨਰ ਸੱਤਿਆਵਰਤ ਸਾਹੂ ਅਤੇ ਖ਼ਜ਼ਾਨਾ ਮੰਤਰੀ ਪ੍ਰਮਿਲਾ ਮਲਿਕ ਨੂੰ ਹਾਦਸੇ ਵਾਲੀ ਥਾਂ ’ਤੇ ਜਾਣ ਦੇ ਹੁਕਮ ਦਿਤੇ ਹਨ।