ਬੁੜੈਲ ਜੇਲ IED ਮਾਮਲਾ: ਜਸਵਿੰਦਰ ਸਿੰਘ ਮੁਲਤਾਨੀ ਨੂੰ PO ਐਲਾਨਿਆ 

ਏਜੰਸੀ

ਖ਼ਬਰਾਂ, ਰਾਸ਼ਟਰੀ

ਮੁਲਤਾਨੀ 'ਤੇ ਰਖਿਆ ਗਿਆ ਹੈ 10 ਲੱਖ ਰੁਪਏ ਦਾ ਇਨਾਮ

Representational Image

ਚੰਡੀਗੜ੍ਹ : ਕੌਮੀ ਜਾਂਚ ਏਜੰਸੀ (ਐਨ.ਆਈ.ਏ.), ਚੰਡੀਗੜ੍ਹ ਦੀ ਵਿਸ਼ੇਸ਼ ਅਦਾਲਤ ਨੇ ਅਪ੍ਰੈਲ 2022 ਦੀ ਮਾਡਲ ਜੇਲ ਟਿਫ਼ਨ ਬੰਬ ਕਾਂਡ ਵਿਚ ਪਾਬੰਦੀਸ਼ੁਦਾ ਜਥੇਬੰਦੀ ਸਿੱਖਸ ਫਾਰ ਜਸਟਿਸ (ਐਸ.ਐਫ਼.ਜੇ.) ਦੇ ਮੈਂਬਰ ਜਸਵਿੰਦਰ ਸਿੰਘ ਉਰਫ਼ ਮੁਲਤਾਨੀ ਨੂੰ ਭਗੌੜਾ ਕਰਾਰ ਦਿੱਤਾ ਹੈ। 

ਮੁਲਤਾਨੀ ਫਿਲਹਾਲ ਜਰਮਨੀ 'ਚ ਹੈ ਅਤੇ ਉਸ ਦੇ ਵਿਰੁਧ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਹੈ। ਐਨ.ਆਈ.ਏ. ਅਦਾਲਤ ਨੇ ਇਸ ਸਾਲ 5 ਜਨਵਰੀ ਨੂੰ ਉਸ ਵਿਰੁਧ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ ਅਤੇ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਵੀ ਕੀਤਾ ਸੀ। ਉਸ ਵਿਰੁਧ ਲੁੱਕਆਊਟ ਸਰਕੂਲਰ ਵੀ ਜਾਰੀ ਕੀਤਾ ਗਿਆ ਸੀ। ਮੁਲਤਾਨੀ ਚੰਡੀਗੜ੍ਹ ਦੀ ਮਾਡਲ ਬੁੜੈਲ ਜੇਲ ਦੇ ਬਾਹਰ ਆਈ.ਈ.ਡੀ. ਲਾਉਣ ਦਾ ਮਾਸਟਰਮਾਈਂਡ ਹੈ। ਪਿਛਲੇ ਸਾਲ 22 ਅਪ੍ਰੈਲ ਨੂੰ ਜੇਲ ਦੇ ਬਾਹਰ ਕਾਲੇ ਬੈਗ 'ਚ ਡਿਟੋਨੇਟਰ ਵਾਲਾ ਟਿਫ਼ਿਨ ਬੰਬ ਮਿਲਿਆ ਸੀ।

ਮਾਮਲਾ 23 ਅਪ੍ਰੈਲ 2022 ਦਾ ਹੈ। ਚੰਡੀਗੜ੍ਹ ਪੁਲਿਸ ਦੇ ਅਪਰੇਸ਼ਨ ਸੈੱਲ ਦੀ ਟੀਮ ਨੇ ਜੇਲ ਦੀ ਕੰਧ ਨੇੜੇ ਧੂੰਆਂ ਦੇਖਿਆ। ਇਸ ਤੋਂ ਬਾਅਦ ਪੁਲਿਸ ਨੇ ਦੇਖਿਆ ਕਿ ਜੇਲ ਦੀ ਕੰਧ ਕੋਲ ਇਕ ਬੈਗ ਰਖਿਆ ਹੋਇਆ ਸੀ। ਪੁਲਿਸ ਅਤੇ ਬੰਬ ਸਕੁਐਡ ਟੀਮ ਨੇ ਜਾਂਚ ਕੀਤੀ। ਤਲਾਸ਼ੀ ਦੌਰਾਨ ਬੈਗ ਦੇ ਅੰਦਰ ਪਏ ਬਕਸੇ ਵਿਚੋਂ ਡੇਟੋਨੇਟਰ ਅਤੇ ਕੁਝ ਸੜੀਆਂ ਹੋਈਆਂ ਤਾਰਾਂ ਮਿਲੀਆਂ।

ਬੰਬ ਨੂੰ ਅਗਲੇ ਦਿਨ ਨੈਸ਼ਨਲ ਸਕਿਉਰਿਟੀ ਗਾਰਡ (ਐਨ.ਐਸ.ਜੀ.) ਦੀ ਟੀਮ ਨੇ ਨਕਾਰਾ ਕਰ ਦਿਤਾ ਸੀ। ਡੈਟੋਨੇਟਰ ਪਾਕਿਸਤਾਨੀ ਅਖ਼ਬਾਰ ਵਿਚ ਲਪੇਟਿਆ ਹੋਇਆ ਸੀ ਅਤੇ ਬੈਗ ਵਿਚ ਕੁਝ ਪ੍ਰਿੰਟਆਊਟ ਵੀ ਸਨ। ਉਨ੍ਹਾਂ 'ਤੇ ਖ਼ਾਲਿਸਤਾਨ ਐਕਸ਼ਨ ਫੋਰਸ ਲਿਖਿਆ ਹੋਇਆ ਸੀ। ਤਲਾਸ਼ੀ ਦੌਰਾਨ 28 ਅਪਰੈਲ ਨੂੰ ਮੋਬਾਈਲ ਫੋਨ ਸਮੇਤ ਇਕ ਹੋਰ ਡੈਟੋਨੇਟਰ ਮਿਲਿਆ ਸੀ।

ਪੁਲਿਸ ਨੇ ਇਲਾਕੇ ਦੇ ਮੋਬਾਈਲ ਡੇਟਾ ਦਾ ਵਿਸ਼ਲੇਸ਼ਣ ਕੀਤਾ ਅਤੇ ਕਈ ਸ਼ੱਕੀ ਨੰਬਰਾਂ ਨੂੰ ਸ਼ਾਰਟਲਿਸਟ ਕੀਤਾ। ਇਨ੍ਹਾਂ ਵਿਚੋਂ ਇਕ ਬੰਬ ਮਿਲਣ ਤੋਂ ਬਾਅਦ ਬੰਦ ਕਰ ਦਿਤਾ ਗਿਆ ਸੀ। ਇਹ ਨੰਬਰ ਜਸਵਿੰਦਰ ਸਿੰਘ ਮੁਲਤਾਨੀ ਦੇ ਨਾਂ 'ਤੇ ਸੀ ਅਤੇ ਜਰਮਨੀ ਨੂੰ ਅੰਤਰਰਾਸ਼ਟਰੀ ਕਾਲਾਂ ਕਰਨ ਲਈ ਵਰਤਿਆ ਜਾਂਦਾ ਸੀ।