ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀ ’ਤੇ ਕੋਲਹਾਪੁਰ ਜੇਲ੍ਹ ’ਚ ਜਾਨਲੇਵਾ ਹਮਲਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਲਹਾਪੁਰ ਪੁਲਿਸ ਨੇ ਪੰਜ ਵਿਅਕਤੀਆਂ ਵਿਰੁਧ ਕਤਲ ਦਾ ਮਾਮਲਾ ਦਰਜ ਕੀਤਾ

Mohammad Ali Khan

ਮੁੰਬਈ: ਮੁੰਬਈ ’ਚ 1993 ’ਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਇਕ ਦੋਸ਼ੀ ’ਤੇ ਐਤਵਾਰ ਨੂੰ ਕੋਲਹਾਪੁਰ ਦੀ ਕਲੰਬਾ ਕੇਂਦਰੀ ਜੇਲ ’ਚ 5 ਕੈਦੀਆਂ ਨੇ ਜਾਨਲੇਵਾ ਹਮਲਾ ਕਰ ਦਿਤਾ। ਪੁਲਿਸ ਨੇ ਇਹ ਜਾਣਕਾਰੀ ਦਿਤੀ। ਮੁੰਨਾ ਉਰਫ ਮੁਹੰਮਦ ਅਲੀ ਖਾਨ (59) ’ਤੇ ਜੇਲ੍ਹ ਦੇ ਬਾਥਰੂਮ ’ਚ ਨਹਾਉਣ ਨੂੰ ਲੈ ਕੇ ਹੋਰ ਕੈਦੀਆਂ ਨਾਲ ਬਹਿਸ ਤੋਂ ਬਾਅਦ ਹਮਲਾ ਕੀਤਾ ਗਿਆ ਸੀ। ਖਾਨ ਲੜੀਵਾਰ ਧਮਾਕਿਆਂ ਦੇ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ। 

ਪੁਲਿਸ ਅਧਿਕਾਰੀ ਨੇ ਦਸਿਆ, ‘‘ਬਹਿਸ ਦੌਰਾਨ ਕੁੱਝ ਵਿਚਾਰ ਅਧੀਨ ਕੈਦੀਆਂ ਨੇ ਨਾਲੀ ਉਪਰੋਂ ਲੋਹੇ ਦੀ ਜਾਲੀ ਚੁੱਕ ਲਈ ਅਤੇ ਇਸ ਨਾਲ ਖਾਨ ਦੇ ਸਿਰ ’ਤੇ ਵਾਰ ਕੀਤਾ, ਜਿਸ ਤੋਂ ਬਾਅਦ ਉਹ ਜ਼ਮੀਨ ’ਤੇ ਡਿੱਗ ਪਿਆ। ਉਸ ਨੂੰ ਤੁਰਤ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ।’’ ਹਮਲਾਵਰਾਂ ਦੀ ਪਛਾਣ ਪ੍ਰਤੀਕ ਉਰਫ ਪਿਲਿਆ ਸੁਰੇਸ਼ ਪਾਟਿਲ, ਦੀਪਕ ਨੇਤਾਜੀ ਖੋਟ, ਸੰਦੀਪ ਸ਼ੰਕਰ ਚਵਾਨ, ਰਿਤੂਰਾਜ ਵਿਨਾਇਕ ਇਨਾਮਦਾਰ ਅਤੇ ਸੌਰਭ ਵਿਕਾਸ ਵਜੋਂ ਹੋਈ ਹੈ। 

ਕੋਲਹਾਪੁਰ ਪੁਲਿਸ ਨੇ ਪੰਜ ਵਿਅਕਤੀਆਂ ਵਿਰੁਧ ਕਤਲ ਦਾ ਮਾਮਲਾ ਦਰਜ ਕੀਤਾ। ਅਧਿਕਾਰੀ ਨੇ ਦਸਿਆ ਕਿ ਉਨ੍ਹਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ 12 ਮਾਰਚ 1993 ਨੂੰ ਮੁੰਬਈ ’ਚ ਹੋਏ ਲੜੀਵਾਰ ਬੰਬ ਧਮਾਕਿਆਂ ’ਚ 257 ਲੋਕਾਂ ਦੀ ਮੌਤ ਹੋ ਗਈ ਸੀ ਅਤੇ 1000 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਸਨ।