Pune Car Accident : ਪੁਣੇ ਕਾਰ ਹਾਦਸੇ ਮਾਮਲੇ 'ਚ ਅਦਾਲਤ ਨੇ ਨਾਬਾਲਗ ਦੇ ਮਾਪਿਆਂ ਨੂੰ 5 ਜੂਨ ਤੱਕ ਪੁਲਿਸ ਹਿਰਾਸਤ 'ਚ ਭੇਜਿਆ
ਪੁਣੇ ਸ਼ਹਿਰ ਵਿੱਚ 19 ਮਈ ਨੂੰ ਵਾਪਰੇ ਕਾਰ ਹਾਦਸੇ ਤੋਂ ਬਾਅਦ ਨਾਬਾਲਗ ਦੇ ਖੂਨ ਦੇ ਨਮੂਨੇ ਬਦਲਣ ਵਿੱਚ ਉਨ੍ਹਾਂ ਦੀ ਕਥਿਤ ਭੂਮਿਕਾ ਲਈ ਦੋਵਾਂ ਦੀ ਜਾਂਚ ਕੀਤੀ ਜਾ ਰਹੀ
Pune Car Accident : ਪੁਣੇ ਦੀ ਇਕ ਅਦਾਲਤ ਨੇ ਐਤਵਾਰ ਨੂੰ ਪੋਰਸ਼ ਕਾਰ ਹਾਦਸੇ ਵਿਚ ਕਥਿਤ ਤੌਰ 'ਤੇ ਸ਼ਾਮਲ 17 ਸਾਲਾ ਲੜਕੇ ਦੇ ਮਾਪਿਆਂ ਨੂੰ ਸਬੂਤਾਂ ਨੂੰ ਨਸ਼ਟ ਕਰਨ ਦੇ ਮਾਮਲੇ ਵਿਚ 5 ਜੂਨ ਤੱਕ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ ਹੈ। ਮਹਾਰਾਸ਼ਟਰ ਦੇ ਪੁਣੇ ਸ਼ਹਿਰ ਵਿੱਚ 19 ਮਈ ਨੂੰ ਵਾਪਰੇ ਕਾਰ ਹਾਦਸੇ ਤੋਂ ਬਾਅਦ ਇੱਕ ਨਾਬਾਲਗ ਦੇ ਖੂਨ ਦੇ ਨਮੂਨੇ ਬਦਲਣ ਵਿੱਚ ਉਨ੍ਹਾਂ ਦੀ ਕਥਿਤ ਭੂਮਿਕਾ ਲਈ ਦੋਵਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਹਾਦਸੇ ਵਿੱਚ ਦੋ ਆਈਟੀ ਪੇਸ਼ੇਵਰਾਂ ਦੀ ਜਾਨ ਚਲੀ ਗਈ ਸੀ।
ਨਾਬਾਲਗ ਆਰੋਪੀ ਦੀ ਮਾਂ ਸ਼ਿਵਾਨੀ ਅਗਰਵਾਲ ਨੂੰ 1 ਜੂਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਇਹ ਖੁਲਾਸਾ ਹੋਇਆ ਸੀ ਕਿ ਨਾਬਾਲਗ ਦੇ ਖੂਨ ਦੇ ਨਮੂਨੇ ਨੂੰ ਮਾਂ ਦੇ ਨਮੂਨੇ ਨਾਲ ਬਦਲਿਆ ਗਿਆ ਸੀ। ਮੁਲਜ਼ਮ ਦੇ ਪਿਤਾ ਅਤੇ ਰੀਅਲ ਅਸਟੇਟ ਕਾਰੋਬਾਰੀ ਵਿਸ਼ਾਲ ਅਗਰਵਾਲ ਨੂੰ ਮਾਮਲੇ ਵਿੱਚ ਸਬੂਤ ਨਸ਼ਟ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲੀਸ ਨੇ ਨਾਬਾਲਗ ਦੇ ਮਾਪਿਆਂ ਨੂੰ ਇੱਥੇ ਦੀ ਇੱਕ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਦੀ ਮੰਗ ਕੀਤੀ। ਦੋਵਾਂ ਨੂੰ 5 ਜੂਨ ਤੱਕ ਪੁਲਿਸ ਰਿਮਾਂਡ 'ਚ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਅਗਰਵਾਲ ਜੋੜੇ ਨੇ ਹਾਦਸੇ ਨਾਲ ਸਬੰਧਤ ਸਬੂਤ ਨਸ਼ਟ ਕਰਨ ਦੀ ਸਾਜ਼ਿਸ਼ ਰਚੀ ਸੀ।
ਪੁਲਿਸ ਦੇ ਅਨੁਸਾਰ ਉਹ ਇੱਕ ਸਰਕਾਰੀ ਹਸਪਤਾਲ ਗਏ ਅਤੇ ਨਾਬਾਲਗ ਦੇ ਖੂਨ ਦੇ ਨਮੂਨਿਆਂ 'ਚ ਹੇਰਾਫੇਰੀ ਕੀਤੀ। ਜੋੜੇ ਦੇ ਵਕੀਲ ਪ੍ਰਸ਼ਾਂਤ ਪਾਟਿਲ ਨੇ ਕਿਹਾ ਕਿ ਪੁਲਿਸ ਨੇ ਉਨ੍ਹਾਂ ਦੇ ਘਰ ਦੀ ਤਲਾਸ਼ੀ ਲਈ ਹੈ ਅਤੇ ਉਨ੍ਹਾਂ ਦੇ ਘਰ 'ਤੇ ਲੱਗੇ ਸੀਸੀਟੀਵੀ ਫੁਟੇਜ ਬਰਾਮਦ ਕੀਤੇ ਹਨ। ਪ੍ਰਸ਼ਾਂਤ ਪਾਟਿਲ ਨੇ ਕਿਹਾ ਕਿ ਉਨ੍ਹਾਂ 'ਤੇ ਭਾਰਤੀ ਦੰਡਾਵਲੀ ਦੀ ਧਾਰਾ 201 (ਕਿਸੇ ਅਪਰਾਧ ਦੇ ਸਬੂਤ ਨੂੰ ਨਸ਼ਟ ਕਰਨਾ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ, ਜੋ ਕਿ ਜ਼ਮਾਨਤਯੋਗ ਅਪਰਾਧ ਹੈ, ਇਸ ਲਈ ਜੋੜੇ ਨੂੰ ਨਿਆਂਇਕ ਹਿਰਾਸਤ ਵਿਚ ਭੇਜਿਆ ਜਾਣਾ ਚਾਹੀਦਾ ਹੈ।