Mehbooba meet LG Sinha: ਮਹਿਬੂਬਾ ਮੁਫ਼ਤੀ ਨੇ ਕਸ਼ਮੀਰੀ ਪੰਡਿਤਾਂ ਦੀ ਸਨਮਾਨਜਨਕ ਵਾਪਸੀ ਤੇ ਪੁਨਰਵਾਸ ਦੀ ਕੀਤੀ ਮੰਗ
Mehbooba meet LG Sinha: ਉਪ ਰਾਜਪਾਲ ਨਾਲ ਮੁਲਾਕਤਾ ਦੌਰਾਨ ਇਸ ਮੁੱਦੇ ’ਤੇ ਸਾਰਥਕ ਪ੍ਰਗਤੀ ਲਈ ਰੋਡਮੈਪ ਕੀਤਾ ਪੇਸ਼
Mehbooba meet LG Sinha: ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਸੋਮਵਾਰ ਨੂੰ ਕਸ਼ਮੀਰੀ ਪੰਡਿਤਾਂ ਦੀ ਸਨਮਾਨਜਨਕ ਵਾਪਸੀ ਅਤੇ ਪੁਨਰਵਾਸ ਦੀ ਮੰਗ ਕੀਤੀ ਅਤੇ ਕਿਹਾ ਕਿ ਭਾਈਚਾਰੇ ਦੇ ਪੁਨਰ ਏਕੀਕਰਨ ਨੂੰ ਸਿਰਫ਼ ਇੱਕ ਪ੍ਰਤੀਕਾਤਮਕ ਵਾਪਸੀ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ, ਸਗੋਂ ਜੰਮੂ-ਕਸ਼ਮੀਰ ਲਈ ਇੱਕ ਸਾਂਝਾ, ਸਮਾਵੇਸ਼ੀ ਅਤੇ ਦੂਰਦਰਸ਼ੀ ਭਵਿੱਖ ਬਣਾਉਣ ਦੇ ਮੌਕੇ ਵਜੋਂ ਦੇਖਿਆ ਜਾਣਾ ਚਾਹੀਦਾ ਹੈ।
ਸਾਬਕਾ ਮੁੱਖ ਮੰਤਰੀ ਨੇ ਇੱਥੇ ਰਾਜ ਭਵਨ ਵਿਖੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨਾਲ ਮੁਲਾਕਾਤ ਕੀਤੀ ਅਤੇ ਇਸ ਮੁੱਦੇ ’ਤੇ ‘ਅਰਥਪੂਰਨ ਪ੍ਰਗਤੀ’ ਲਈ ਇੱਕ ‘ਪੜਾਅਵਾਰ ਰੋਡਮੈਪ’ ਪੇਸ਼ ਕੀਤਾ। ਪੀਡੀਪੀ ਮੁਖੀ ਨੇ ਪ੍ਰਸਤਾਵ ਦੀਆਂ ਕਾਪੀਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਵੀ ਭੇਜੀਆਂ।
ਉਨ੍ਹਾਂ ਪੱਤਰ ਵਿਚ ਲਿਖਿਆ, ‘‘ਇਹ ਮੁੱਦਾ ਰਾਜਨੀਤੀ ਤੋਂ ਪਰੇ ਹੈ ਅਤੇ ਸਾਡੀ ਸਮੂਹਿਕ ਜ਼ਮੀਰ ਦੀਆਂ ਡੂੰਘਾਈਆਂ ਨੂੰ ਛੂੰਹਦਾ ਹੈ। ਇਹ ਯਕੀਨੀ ਕਰਨਾ ਨੈਤਿਕ ਤੌਰ ’ਤੇ ਜ਼ਰੂਰੀ ਹੈ ਅਤੇ ਸਮਾਜਿਕ ਜ਼ਿੰਮੇਵਾਰੀ ਹੈ ਕਿ ਦੁਖਦਾਈ ਤੌਰ ’ਤੇ ਅਪਣੀ ਮਾਤ ਭੂਮੀ ਤੋਂ ਵਿਸਥਾਪਿਤ ਹੋਏ ਸਾਡੇ ਪੰਡਤ ਭੈਣ ਭਰਾ ਨੂੰ ਸੁਰੱਖਿਅਤ ਤੇ ਸਥਾਈ ਤੌਰ ’ਤੇ ਵਾਪਸ ਆਉਣ ਦਾ ਮੌਕਾ ਪ੍ਰਦਾਨ ਕੀਤਾ ਜਾਵੇ।’’
ਮਹਿਬੂਬਾ ਨੇ ਕਿਹਾ ਕਿ ਕੇਂਦਰ ਸ਼ਾਸਤ ਪ੍ਰਦੇਸ਼ ਦੀ ਹਰ ਰਾਜਨੀਤਿਕ ਪਾਰਟੀ ਨੇ ਵਿਚਾਰਧਾਰਾ ਦੀ ਪਰਵਾਹ ਕੀਤੇ ਬਿਨਾਂ, ਉਨ੍ਹਾਂ ਦੀ ਵਾਪਸੀ ਦੇ ਵਿਚਾਰ ਦਾ ਲਗਾਤਾਰ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ, ‘‘ਉਨ੍ਹਾਂ ਦੇ ਵਿਸਥਾਪਨ ਦਾ ਸਾਂਝਾ ਦਰਦ ਅਤੇ ਸੁਲ੍ਹਾ ਦੀ ਇੱਛਾ ਸਾਨੂੰ ਸਾਰਿਆਂ ਨੂੰ ਇਸ ਵਿਸ਼ਵਾਸ ਵਿੱਚ ਬੰਨ੍ਹਦੀ ਹੈ ਕਿ ਕਸ਼ਮੀਰ ਇੱਕ ਵਾਰ ਫਿਰ ਇੱਕ ਅਜਿਹੀ ਜਗ੍ਹਾ ਬਣ ਸਕਦਾ ਹੈ ਜਿੱਥੇ ਭਾਈਚਾਰੇ ਸ਼ਾਂਤੀਪੂਰਵਕ ਸਹਿ-ਮੌਜੂਦ ਹੋ ਸਕਦੇ ਹਨ। ਇਸ ਮੋਰਚੇ ’ਤੇ ਸਾਰਥਕ ਪ੍ਰਗਤੀ ਨੂੰ ਸੁਚਾਰੂ ਬਣਾਉਣ ਲਈ, ਤੁਹਾਡੇ ਵਿਚਾਰ ਲਈ ਇੱਕ ਸਮਾਵੇਸ਼ੀ ਅਤੇ ਪੜਾਅਵਾਰ ਰੋਡਮੈਪ ਨੱਥੀ ਕੀਤਾ ਗਿਆ ਹੈ।
ਪੀਡੀਪੀ ਪ੍ਰਧਾਨ ਨੇ ਕਿਹਾ ਕਿ ਪ੍ਰਸਤਾਵ ਸਾਰੇ ਹਿੱਸੇਦਾਰਾਂ ਦੇ ਦ੍ਰਿਸ਼ਟੀਕੋਣਾਂ ’ਤੇ ਜ਼ੋਰ ਦਿੰਦਾ ਹੈ ਅਤੇ ਇਹ ਯਕੀਨੀ ਬਣਾਉਂਦਾ ਹੈ ਕਿ ਕੋਈ ਵੀ ਨੀਤੀ ਜਾਂ ਯੋਜਨਾ ਹਮਦਰਦੀ, ਆਪਸੀ ਵਿਸ਼ਵਾਸ ਅਤੇ ਜ਼ਮੀਨੀ ਹਕੀਕਤਾਂ ’ਤੇ ਅਧਾਰਤ ਹੋਵੇ। ਉਨ੍ਹਾਂ ਕਿਹਾ, ‘‘ਮੈਂ ਤੁਹਾਡੇ ਦਫ਼ਤਰ ਨੂੰ ਭਾਈਚਾਰੇ, ਸਿਵਲ ਸਮਾਜ, ਸਥਾਨਕ ਨੇਤਾਵਾਂ ਅਤੇ ਸਬੰਧਤ ਪ੍ਰਸ਼ਾਸਨਿਕ ਏਜੰਸੀਆਂ ਦੇ ਪ੍ਰਤੀਨਿਧੀਆਂ ਵਾਲੀ ਕਮੇਟੀ ਦੀ ਮੀਟਿੰਗ ਸ਼ੁਰੂ ਕਰਨ ਦੀ ਬੇਨਤੀ ਕੀਤੀ ਹੈ। ਮੈਂ ਤੁਹਾਨੂੰ ਗੱਲਬਾਤ-ਅਧਾਰਤ ਪ੍ਰਕਿਰਿਆ ਸ਼ੁਰੂ ਕਰਨ ਦੀ ਤਾਕੀਦ ਕਰਦੀ ਹਾਂ। ਸਿਰਫ਼ ਸਮਾਵੇਸ਼ੀ ਵਿਚਾਰ-ਵਟਾਂਦਰੇ ਰਾਹੀਂ ਹੀ ਅਸੀਂ ਇੱਕ ਅਜਿਹਾ ਭਵਿੱਖ ਬਣਾ ਸਕਦੇ ਹਾਂ ਜਿੱਥੇ ਕੋਈ ਵੀ ਭਾਈਚਾਰਾ ਆਪਣੀ ਧਰਤੀ ’ਤੇ ਅਲੱਗ-ਥਲੱਗ ਮਹਿਸੂਸ ਨਾ ਕਰੇ।’’
(For more news apart from Mehbooba Mufti Latest News, stay tuned to Rozana Spokesman)