ਦੇਹਰਾਦੂਨ ਲਾਗੇ ਬੱਸ ਖੱਡ ਵਿਚ ਡਿੱਗੀ, 48 ਹਲਾਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਤਰਾਖੰਡ ਦੇ ਪੌੜੀ ਜ਼ਿਲ੍ਹੇ ਵਿਚ ਬੱਸ ਦੇ ਡੂੰਘੀ ਖੱਡ ਵਿਚ ਡਿੱਗ ਜਾਣ ਨਾਲ ਬੱਸ ਵਿਚ ਸਵਾਰ 48 ਯਾਤਰੀਆਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ......

Accidental Bus

ਦੇਹਰਾਦੂਨ, ਉਤਰਾਖੰਡ ਦੇ ਪੌੜੀ ਜ਼ਿਲ੍ਹੇ ਵਿਚ ਬੱਸ ਦੇ ਡੂੰਘੀ ਖੱਡ ਵਿਚ ਡਿੱਗ ਜਾਣ ਨਾਲ ਬੱਸ ਵਿਚ ਸਵਾਰ 48 ਯਾਤਰੀਆਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿਚ ਦੋ ਦੀ ਹਾਲਤ ਨਾਜ਼ੁਕ ਹੈ। ਪੌੜੀ ਦੇ ਪੁਲਿਸ ਮੁਖੀ ਜਗਤਰਾਮ ਜੋਸ਼ੀ ਨੇ ਦਸਿਆ ਕਿ ਹਾਦਸਾ ਸਵੇਰੇ ਉਸ ਸਮੇਂ ਵਾਪਰਿਆ ਜਦ ਭਵਨ ਤੋਂ ਰਾਮਨਗਰ ਜਾ ਰਹੀ ਨਿਜੀ ਬੱਸ ਕਬੀਨ ਪਿੰਡ ਲਾਗੇ ਅਚਾਨਕ ਕੰਟਰੋਲ ਗਵਾ ਬੈਠੀ ਅਤੇ 200 ਮੀਟਰ ਡੂੰਘੀ ਖੱਡ ਵਿਚ ਡਿੱਗ ਗਈ। ਹਾਦਸੇ ਵਿਚ 45 ਯਾਤਰੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਤਿੰਨਾਂ ਹੋਰਾਂ ਨੇ ਹਸਪਤਾਲ ਵਿਚ ਜਾ ਕੇ ਦਮ ਤੋੜ ਦਿਤਾ। 

ਹਾਦਸੇ ਵਿਚ 11 ਹੋਰ ਜ਼ਖ਼ਮੀ ਹੋ ਗਏ ਜਿਨ੍ਹਾਂ ਵਿਚੋਂ ਦੋ ਦੀ ਹਾਲਤ ਨਾਜ਼ੁਕ ਹੈ। ਪੁਲਿਸ ਅਧਿਕਾਰੀ ਨੇ ਦਸਿਆ ਕਿ ਗੰਭੀਰ ਰੂਪ ਵਿਚ ਜ਼ਖ਼ਮੀ ਦੋਹਾਂ ਯਾਤਰੀਆਂ ਨੂੰ ਰਾਮਨਗਰ ਦੇ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ ਜਦਕਿ ਹੋਰ ਜ਼ਖ਼ਮੀਆਂ ਨੂੰ ਧੂਮਾਕੋਟ ਦੇ ਸਿਹਤ ਕੇਂਦਰ ਵਿਚ ਦਾਖ਼ਲ ਕਰਾਇਆ ਗਿਆ ਹੈ। ਉਨ੍ਹਾਂ ਦਸਿਆ ਕਿ ਬੱਸ ਹਾਦਸੇ ਦਾ ਸ਼ਿਕਾਰ ਸਾਰੇ ਲੋਕ ਸਥਾਨਕ ਸਨ। ਜੋਸ਼ੀ ਨੇ ਦਸਿਆ ਕਿ ਹਾਦਸੇ ਸਮੇਂ ਬੱਸ ਵਿਚ ਕੁਲ 58 ਯਾਤਰੀ ਸਵਾਰ ਸਨ।

ਕਿਹਾ ਜਾ ਰਿਹਾ ਹੈ ਕਿ ਬੱਸ ਵਿਚ ਸਮਰੱਥਾ ਤੋਂ ਵੱਧ ਯਾਤਰੀ ਸਨ। ਡੀਜੀਪੀ ਅਨਿਲ ਰਤੂੜੀ ਨੇ ਦਸਿਆ ਕਿ ਪੁਲਿਸ ਅਤੇ ਹੋਰ ਵਿਭਾਗਾਂ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਅਤੇ ਬਚਾਅ ਤੇ ਰਾਹਤ ਕਾਰਜ ਜਾਰੀ ਹਨ। ਸੂਬੇ ਦੇ ਰਾਜਪਾਲ ਡਾ. ਕੇ ਕੇ ਪਾਲ ਅਤੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਬੱਸ ਹਾਦਸੇ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ

ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੀੜਤਾਂ ਦੀ ਦੇਖਭਾਲ ਕਰਨ ਦੇ ਨਿਰਦੇਸ਼ ਦਿਤੇ ਹਨ। ਮੁੱਖ ਮੰਤਰੀ ਨੇ ਦਸਿਆ ਕਿ ਮ੍ਰਿਤਕਾਂ ਦੇ ਵਾਰਸਾਂ ਨੂੰ ਦੋ-ਦੋ ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਸਹਾਇਤਾ ਵਜੋਂ ਦਿਤੇ ਜਾਣਗੇ। ਮੁੱਖ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹ ਵੀ ਹੁਕਮ ਦਿਤੇ ਕਿ ਲੋੜ ਪੈਣ 'ਤੇ ਜ਼ਖ਼ਮੀਆਂ ਨੂੰ ਬਿਹਤਰ ਇਲਾਜ ਲਈ ਦੇਹਰਾਦੂਨ ਲਿਆਉਣ ਲਈ ਹੈਲੀਕਾਪਟਰ ਵਰਤਿਆ ਜਾਵੇ। (ਏਜੰਸੀ)