ਮੰਦਸੌਰ ਬਲਾਤਕਾਰ ਕਾਂਡ : ਮੁਆਵਜ਼ਾ ਨਹੀਂ, ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦਿਉ : ਪਰਵਾਰ
ਮੱਧ ਪ੍ਰਦੇਸ਼ ਦੇ ਮੰਦਸੌਰ ਵਿਚ ਸਮੂਹਕ ਬਲਾਤਕਾਰ ਅਤੇ ਵਹਿਸ਼ਤ ਦੀ ਸ਼ਿਕਾਰ ਸੱਤ ਸਾਲਾ ਬੱਚੀ ਦੇ ਪਿਤਾ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਸਰਕਾਰੀ ਮੁਆਵਜ਼ਾ ਨਹੀਂ ਚਾਹੀਦਾ ਸਗੋਂ ...
ਇੰਦੌਰ, ਮੱਧ ਪ੍ਰਦੇਸ਼ ਦੇ ਮੰਦਸੌਰ ਵਿਚ ਸਮੂਹਕ ਬਲਾਤਕਾਰ ਅਤੇ ਵਹਿਸ਼ਤ ਦੀ ਸ਼ਿਕਾਰ ਸੱਤ ਸਾਲਾ ਬੱਚੀ ਦੇ ਪਿਤਾ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਸਰਕਾਰੀ ਮੁਆਵਜ਼ਾ ਨਹੀਂ ਚਾਹੀਦਾ ਸਗੋਂ ਮੁਜਰਮਾਂ ਨੂੰ ਫਾਂਸੀ ਦੀ ਸਜ਼ਾ ਦਿਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਰਵਾਰ ਚਾਹੁੰਦਾ ਹੈ ਕਿ ਉਨ੍ਹਾਂ ਦੀ ਬੇਟੀ ਨਾਲ ਬਲਾਤਕਾਰ ਕਰਨ ਵਾਲੇ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਮੌਤ ਦੀ ਸਜ਼ਾ ਦਿਵਾਈ ਜਾਵੇ।
ਪੀੜਤ ਬੱਚੀ ਦਾ ਪਿਤਾ ਮੰਦਸੌਰ ਵਿਚ ਫੁੱਲ ਵੇਚਦਾ ਹੈ। ਉਸ ਦੀ ਬੇਟੀ ਇੰਦੌਰ ਦੇ ਹਸਪਤਾਲ ਵਿਚ 27 ਜੂਨ ਦੀ ਰਾਤ ਤੋਂ ਭਰਤੀ ਹੈ। ਪੀੜਤ ਬੱਚੀ ਦੇ ਪਿਤਾ ਨੇ ਕਿਹਾ, 'ਮੇਰੇ ਪਰਵਾਰ ਨੂੰ ਸਰਕਾਰ ਕੋਲੋਂ ਕੋਈ ਮੁਆਵਜ਼ਾ ਨਹੀਂ ਚਾਹੀਦਾ। ਅਸੀਂ ਚਾਹੁੰਦੇ ਹਾਂ ਕਿ ਸਾਡੀ ਬੇਟੀ ਨਾਲ ਖੇਹ ਖਾਣ ਵਾਲਿਆਂ ਨੂੰ ਛੇਤੀ ਤੋਂ ਛੇਤੀ ਮੌਤ ਦੀ ਸਜ਼ਾ ਦਿਤੀ ਜਾਵੇ।' ਸੂਬਾ ਸਰਕਾਰ ਦੁਆਰਾ 10 ਲੱਖ ਰੁਪਏ ਦੀ ਆਰਥਕ ਮਦਦ ਦੇਣ ਦੇ ਫ਼ੈਸਲੇ ਬਾਰੇ ਉਨ੍ਹਾਂ ਕਿਹਾ ਕਿ ਪੈਸੇ ਵਾਲੀ ਕੋਈ ਗੱਲ ਨਹੀਂ, ਬਸ ਇਨਸਾਫ਼ ਚਾਹੀਦਾ ਹੈ।
ਸਮੂਹਕ ਬਲਾਤਕਾਰ ਪੀੜਤ ਬੱਚੀ ਦੇ ਪਿਤਾ ਨੇ ਇਹ ਵੀ ਕਿਹਾ ਕਿ ਉਹ ਅਪਣੀ ਬੱਚੀ ਦੇ ਇਲਾਜ ਤੋਂ ਸੰਤੁਸ਼ਟ ਹੈ। ਮਦਸੌਰ ਦੇ ਜ਼ਿਲ੍ਹਾ ਅਧਿਕਾਰੀ ਨੇ ਦਸਿਆ ਕਿ ਬੱਚੀ ਦੇ ਪਿਤਾ ਦੇ ਬੈਂਕ ਖਾਤੇ ਵਿਚ ਕਲ ਪੰਜ ਲੱਖ ਰੁਪਏ ਦੀ ਰਾਸ਼ੀ ਜਮ੍ਹਾਂ ਕਰਾਈ ਗਈ ਸੀ ਤੇ ਸੋਮਵਾਰ ਨੂੰ ਪੰਜ ਲੱਖ ਹੋਰ ਜਮ੍ਹਾਂ ਕਰਾ ਦਿਤੇ ਜਾਣਗੇ। ਉਨ੍ਹਾਂ ਦਸਿਆ ਕਿ ਹਸਪਤਾਲ ਵਿਚੋਂ ਛੁੱਟੀ ਮਿਲਣ ਮਗਰੋਂ ਬੱਚੀ ਦਾ ਮਨੋਚਿਕਿਤਸਕ ਕੋਲੋਂ ਇਲਾਜ ਕਰਾਇਆ ਜਾਵੇਗਾ ਤਾਕਿ ਉਹ ਸਦਮੇ ਵਿਚੋਂ ਉਭਰ ਸਕੇ ਅਤੇ ਆਮ ਜ਼ਿੰਦਗੀ ਜੀਅ ਸਕੇ। (ਏਜੰਸੀ)