ਮੁੰਬਈ 'ਚ ਮੀਂਹ ਦਾ ਕਹਿਰ ਜਾਰੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਕੂਲ, ਕਾਲਜ, ਦਫ਼ਤਰ ਰਹੇ ਬੰਦ, ਪ੍ਰੀਖਿਆਵਾਂ ਰੱਦ

Mumbai rain : 32 killed, heavy rainfall in next 48 hours

ਮੁੰਬਈ : ਮੁੰਬਈ 'ਚ ਪਿਛਲੇ ਕੁਝ ਦਿਨਾਂ ਤੋਂ ਜਾਰੀ ਮੀਂਹ ਨੇ ਆਮ ਲੋਕਾਂ ਦਾ ਜੀਉਣਾ ਮੁਸ਼ਕਲ ਕਰ ਦਿੱਤਾ ਹੈ। ਮੀਂਹ ਕਾਰਨ ਸਕੂਲ-ਕਾਲਜ ਬੰਦ ਹਨ। ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ। ਸ਼ਹਿਰ ਦੀ ਰਫ਼ਤਾਰ ਹੌਲੀ ਹੋ ਗਈ ਹੈ ਅਤੇ ਲੋਕ ਘਰਾਂ 'ਚ ਕੈਦ ਹੋਣ ਨੂੰ ਮਜਬੂਰ ਹਨ। ਸੋਮਵਾਰ ਰਾਤ ਨੂੰ ਮੋਹਲੇਧਾਰ ਮੀਂਹ ਤੋਂ ਬਾਅਦ ਮੰਗਲਵਾਰ ਨੂੰ ਵੀ ਮੀਂਹ ਜਾਰੀ ਰਿਹਾ। ਮੀਂਹ ਕਾਰਨ ਸ਼ਹਿਰ 'ਚ ਬਣੇ ਹਾਲਾਤ ਵੇਖ ਕੇ ਹੀ ਪਤਾ ਲੱਗਦਾ ਹੈ ਕਿ ਕਿੰਨਾ ਮੀਂਹ ਪਿਆ ਹੈ। ਇਹ ਗੱਲ ਮੌਸਮ ਵਿਭਾਗ ਦੀ ਸਾਂਤਾ ਕਰੂਜ਼ ਸਥਿਤ ਆਬਜ਼ਰਵੇਟਰੀ ਦੇ ਅੰਕੜਿਆਂ ਤੋਂ ਸਾਬਤ ਹੁੰਦੀ ਹੈ।

ਇਥੇ ਦਰਜ ਕੀਤੀ ਗਈ ਬਾਰਸ਼ ਮੁਤਾਬਕ ਮੰਗਲਵਾਰ ਦੁਪਹਿਰ 3 ਵਜੇ ਤਕ 24 ਘੰਟੇ ਅੰਦਰ 425 ਮਿਲੀਮੀਟਰ ਮੀਂਹ ਪਿਆ। ਪਿਛਲੇ 44 ਸਾਲ 'ਚ ਇਸ ਤੋਂ ਪਹਿਲਾਂ ਸੱਭ ਤੋਂ ਵੱਧ ਮੀਂਹ 26 ਜੁਲਾਈ 2005 ਨੂੰ ਪਿਆ ਸੀ, ਜਦੋਂ ਦੁਗਣੇ ਤੋਂ ਵੱਧ 944 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ ਸੀ। ਕਈ ਇਲਾਕਿਆਂ 'ਚ 5 ਤੋਂ 6 ਫੁਟ ਪਾਣੀ ਭਰ ਗਿਆ ਹੈ।

ਮੀਂਹ ਕਾਰਨ ਮਹਾਰਾਸ਼ਟਰ 'ਚ ਪਿਛਲੇ 24 ਘੰਟੇ ਵਿਚ 32 ਲੋਕਾਂ ਦੀ ਮੌਤ ਹੋਈ ਹੈ। ਇਸ 'ਚ ਮੁੰਬਈ 'ਚ 20, ਪੁਣੇ 'ਚ 6 ਅਤੇ ਕਲਿਆਣ ਤੇ ਨਾਸਿਕ 'ਚ 3-3 ਲੋਕਾਂ ਦੀ ਜਾਨ ਗਈ ਹੈ। ਮਲਾਡ ਦੇ ਸਬ-ਵੇਅ 'ਚ ਇਕ ਕਾਰ ਪਾਣੀ ਅੰਦਰ ਡੁੱਬ ਗਈ, ਜਿਸ 'ਚ ਸਵਾਰ ਦੋ ਨੌਜਵਾਨ ਗੁਲਸ਼ਾਦ ਅਤੇ ਇਰਫ਼ਾਨ ਦੀ ਮੌਤ ਹੋ ਗਈ। ਹਾਲਾਤ ਇੰਨੇ ਖ਼ਰਾਬ ਹੋ ਗਏ ਹਨ ਕਿ ਹੁਣ ਸੜਕਾਂ 'ਤੇ ਮਦਦ ਕਰਨ ਲਈ ਜਲ ਸੈਨਾ ਨੂੰ ਉਤਰਨਾ ਪਿਆ ਹੈ। ਬੀ.ਐਮ.ਸੀ. ਦੀ ਅਪੀਲ 'ਤੇ ਮੁੰਬਈ ਦੇ ਕੁਰਲਾ ਇਲਾਕੇ ਵਿਚ ਜਲ ਸੈਨਾ ਟੀਮ ਪੁੱਜੀ ਹੈ। ਇੱਥੇ ਚਾਰੇ ਪਾਸੇ ਪਾਣੀ ਭਰਿਆ ਹੋਇਆ ਹੈ। ਐਨ.ਡੀ.ਆਰ.ਐਫ, ਫ਼ਾਇਰ ਬ੍ਰਿਗੇਡ, ਜਲ ਸੈਨਾ ਦੀਆਂ ਟੀਮਾਂ ਦੇ ਨਾਲ-ਨਾਲ ਸਥਾਨਕ ਸਵੈ-ਸੇਵਕਾਂ ਦੀ ਮਦਦ ਨਾਲ ਲਗਭਗ 1000 ਲੋਕਾਂ ਨੂੰ ਸੁਰੱਖਿਅਤ ਥਾਂ 'ਤੇ ਭੇਜਿਆ ਗਿਆ ਹੈ।

ਅਗਲੇ 48 ਘੰਟੇ 'ਚ ਭਾਰੀ ਮੀਂਹ ਪੈਣ ਦੀ ਚਿਤਾਵਨੀ ਜਾਰੀ :
ਮੌਸਮ ਵਿਭਾਗ ਨੇ ਅਗਲੇ 48 ਘੰਟੇ ਲਈ ਮੁੰਬਈ 'ਚ ਭਾਰੀ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਮੁੰਬਈ ਅਤੇ ਉਪਨਗਰੀ ਹਿੱਸਿਆਂ 'ਚ ਬਹੁਤ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ। ਸੈਲਾਨੀਆਂ ਨੂੰ ਪਹਾੜੀ ਖੇਤਰਾਂ 'ਤੇ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਮੌਸਮ ਵਿਭਾਗ ਮੁਤਾਬਕ ਵਲਸਾਡ, ਨਵਸਾਰੀ, ਡਾਂਗ ਜ਼ਿਲ੍ਹਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦਮਨ ਅਤੇ ਦਾਦਰਾ ਨਗਰ ਹਵੇਲੀ 'ਚ ਭਾਰੀ ਮੀਂਹ ਪੈ ਸਕਦਾ ਹੈ।