ਦਿੱਲੀ ਤੇ ਕੇਂਦਰ ਸਰਕਾਰਾਂ ਦੇ ਸਾਂਝੇ ਯਤਨਾਂ ਨਾਲ ਕੋਵਿਡ-19 ਕੰਟਰੋਲ ਹੇਠ : ਕੇਜਰੀਵਾਲ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ, ਕੇਂਦਰ ਅਤੇ ਹੋਰ ਸੰਸਥਾਵਾਂ ਦੇ ਸਾਂਝੇ ਯਤਨਾਂ ਨਾਲ ਕੋਵਿਡ-19 ਦੀ
ਨਵੀਂ ਦਿੱਲੀ, 1 ਜੁਲਾਈ : ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ, ਕੇਂਦਰ ਅਤੇ ਹੋਰ ਸੰਸਥਾਵਾਂ ਦੇ ਸਾਂਝੇ ਯਤਨਾਂ ਨਾਲ ਕੋਵਿਡ-19 ਦੀ ਸਥਿਤੀ ਹੁਣ ਕੰਟਰੋਲ ਵਿਚ ਆ ਗਈ ਹੈ ਪਰ ਉਨ੍ਹਾਂ ਲੋਕਾਂ ਨੂੰ ਚੌਕਸ ਕੀਤਾ ਕਿ ਸਮਾਜਕ ਅਤੇ ਵਿਅਕਤੀਗਤ ਵਿਹਾਰ ਵਿਚ ਕਿਸੇ ਵੀ ਕੁਤਾਹੀ ਦੇ ਮਾਮਲਿਆਂ ਵਿਚ ਮੁੜ ਵਾਧਾ ਹੋ ਸਕਦਾ ਹੈ।
ਮੁੱਖ ਮੰਤਰੀ ਨੇ ਆਨਲਾਈਨ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਸਥਿਤੀ ਓਨੀ ਭਿਆਨਕ ਨਹੀਂ ਹੈ ਜਿੰਨਾ ਇਕ ਮਹੀਨੇ ਪਹਿਲਾਂ ਅਨੁਮਾਨ ਲਾਇਆ ਗਿਆ ਸੀ। ਉਨ੍ਹਾਂ ਕਿਹਾ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਧਣ ਦੀ ਬਜਾਏ ਘੱਟ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਵੈਬਸਾਈਟ ਨੇ ਕੁਲ ਇਕ ਲੱਖ ਕੋਵਿਡ-19 ਮਾਮਲਿਆਂ ਦਾ ਅਤੇ 30 ਜੂਨ ਤਕ 60000 ਮਰੀਜ਼ਾਂ ਦਾ ਅਨੁਮਾਨ ਲਾਇਆ ਸੀ
ਪਰ ਹਾਲੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਲਗਭਗ 26000 ਹੈ। ਉਨ੍ਹਾਂ ਕਿਹਾ, ‘ਇਸ ਅਨੁਮਾਨ ਮਗਰੋਂ ਅਸੀਂ ਚੁੱਪਚਾਪ ਨਹੀਂ ਬੈਠੇ ਰਹੇ ਅਤੇ ਉਨ੍ਹਾਂ ਸਾਰੇ ਲੋਕਾਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿਤਾ ਜਿਹੜੇ ਸਥਿਤੀ ਨਾਲ ਨਜਿੱਠਣ ਵਿਚ ਸਾਡੀ ਮਦਦ ਕਰ ਸਕਦੇ ਸਨ। ਅਸੀਂ ਮਦਦ ਲਈ ਹੋਟਲਾਂ, ਬੈਂਕਟ ਹਾਲ, ਕੇਂਦਰ, ਸਮਾਜਕ ਅਤੇ ਧਾਰਮਕ ਸੰਸਥਾਵਾਂ ਨਾਲ ਸੰਪਰਕ ਕੀਤਾ।
ਉਨ੍ਹਾਂ ਕਿਹਾ, ‘ਜਿਥੋਂ ਸਾਨੂੰ ਮਦਦ ਨਹੀਂ ਮਿਲੀ, ਅਸੀਂ ਉਨ੍ਹਾਂ ਦੇ ਪੈਰ ਫੜੇ।’ ਕੇਂਦਰ ਪਿਛਲੇ ਕੁੱਝ ਦਿਨਾਂ ਤੋਂ ਦਿੱਲੀ ਵਿਚ ਕੋਰੋਨਾ ਵਾਇਰਸ ਸਬੰਧੀ ਤਿਆਰੀਆਂ ’ਤੇ ਨਜ਼ਰ ਰੱਖ ਰਿਹਾ ਹੈ। ਹਾਲ ਹੀ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੋਰੋਨਾ ਵਾਇਰਸ ਦੇ ਪਸਾਰ ਨੂੰ ਰੋਕਣ ਲਈ ਘਰ ਘਰ ਸਰਵੇ, ਜਾਂਚ ਵਿਚ ਤੇਜ਼ੀ ਅਤੇ ਬਿਸਤਰਿਆਂ ਦੀ ਗਿਣਤੀ ਵਧਾਉਣ ਸਮੇਤ ਕਈ ਫ਼ੈਸਲਿਆਂ ਦਾ ਐਲਾਨ ਕੀਤਾ ਸੀ। (ਏਜੰਸੀ)