ਸਿੱਖ ਕਤਲੇਆਮ ਦੇ ਸਹਿ ਦੋਸ਼ੀ ਨੂੰ ਸੁਪਰੀਮ ਕੋਰਟ ਨੇ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੁਪਰੀਮ ਕੋਰਟ ਨੇ ਸਾਬਕਾ ਵਿਧਾਇਕ ਮਹਿੰਦਰ ਯਾਦਵ ਨੂੰ ਅੰਤਰਮ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿਤਾ ਹੈ

Supreme Court

ਨਵੀਂ ਦਿੱਲੀ, 1 ਜੁਲਾਈ (ਸੁਖਰਾਜ ਸਿੰਘ) ਸੁਪਰੀਮ ਕੋਰਟ ਨੇ ਸਾਬਕਾ ਵਿਧਾਇਕ ਮਹਿੰਦਰ ਯਾਦਵ ਨੂੰ ਅੰਤਰਮ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿਤਾ ਹੈ। ਮਹਿੰਦਰ ਯਾਦਵ 1984 ਸਿੱਖ ਕਤਲੇਆਮ ਦੇ ਸਹਿ-ਦੋਸ਼ੀ ਹਨ। ਦਰਅਸਲ ਕੋਰੋਨਾ ਪਾਜ਼ੇਟਿਵ ਮਹਿੰਦਰ ਯਾਦਵ ਦਿੱਲੀ ਦੀ ਮੰਡੌਲੀ ਜੇਲ ਵਿਚ ਸਜ਼ਾ ਕੱਟ ਰਹੇ ਹਨ, ਨੇ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਸੀ। ਬੀਤੇ ਦਿਨੀਂ ਹੀ ਢਿੱਡ ਦਰਦ ਦੀ ਸ਼ਿਕਾਇਤ ਵਿਚ ਉਨ੍ਹਾਂ ਨੂੰ ਜੇਲ ਪ੍ਰਸ਼ਾਸਨ ਨੇ ਹਸਪਤਾਲ ਵਿਚ ਭਰਤੀ ਕਰਵਾਇਆ ਸੀ। ਹਸਪਤਾਲ ਵਿਚ ਉਨ੍ਹਾਂ ਦਾ ਕੋਵਿਡ-19 ਦਾ ਟੈਸਟ ਵੀ ਹੋਇਆ ਤਾਂ ਰੀਪੋਰਟ ਪਾਜ਼ੇਟਿਵ ਆਈ।

ਉਧਰ ਜਸਟਿਸ ਇੰਦਰਾ ਬੈਨਰਜੀ ਅਤੇ ਜਸਟਿਸ ਬੀ. ਆਰ. ਗਵਈ ਦੀ ਬੈਂਚ ਨੇ ਯਾਦਵ ਦੀ ਅੰਤਰਮ ਜ਼ਮਾਨਤ ਪਟੀਸ਼ਨ ’ਤੇ ਵਿਚਾਰ ਕਰਨ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਹਸਪਤਾਲ ਵਿਚ ਇਲਾਜ ਦਿਤਾ ਜਾ ਰਿਹਾ ਹੈ, ਜਿਥੇ ਕਿਸੇ ਰਿਸ਼ਤੇਦਾਰ ਦੇ ਜਾਣ ਦੀ ਆਗਿਆ ਨਹੀਂ ਹੈ। ਜ਼ਮਾਨਤ ਦੇਣ ਦਾ ਕੋਈ ਆਧਾਰ ਨਹੀਂ ਹੈ, ਕਿਉਂਕਿ ਯਾਦਵ ਦੇ ਇਲਾਜ ਨੂੰ ਲੈ ਕੇ ਪ੍ਰਵਾਰ ਨੂੰ ਕੋਈ ਸ਼ਿਕਾਇਤ ਨਹੀਂ ਹੈ।

ਬੈਂਚ ਨੇ ਸਾਫ਼ ਕੀਤਾ ਕਿ ਉਂਝ ਵੀ ਉਹ ਆਈ. ਸੀ. ਯੂ. ਵਿਚ ਹਨ ਅਤੇ ਪ੍ਰਵਾਰ ਦਾ ਕੋਈ ਵੀ ਮੈਂਬਰ ਉਨ੍ਹਾਂ ਨੂੰ ਨਹੀਂ ਮਿਲ ਸਕਦਾ, ਜਿਥੇ ਕੋਵਿਡ-19 ਦੇ ਲਾਗ ਦਾ ਉਨ੍ਹਾਂ ਦਾ ਇਲਾਜ ਚਲ ਰਿਹਾ ਹੈ। ਦੰਗਾ ਪੀੜਤਾਂ ਵਲੋਂ ਸੀਨੀਅਰ ਵਕੀਲ ਐਚ.ਐਸ. ਫੂਲਕਾ ਨੇ ਯਾਦਵ ਦੀ ਅੰਤਰਮ ਜ਼ਮਾਨਤ ਦੀ ਅਰਜ਼ੀ ਦਾ ਵਿਰੋਧ ਕੀਤਾ। ਦਿੱਲੀ ਗੁਰਦਵਾਰਾ ਕਮੇਟੀ ਦੇ ਸਾਬਕਾ ਕਾਨੂੰਨੀ ਸੈੱਲ ਦੇ ਚੇਅਰਮੈਨ ਜਸਵਿੰਦਰ ਸਿੰਘ ਜੌਲੀ ਨੇ ਕਿਹਾ ਕਿ 1984 ਦੇ ਬਾਕੀ ਹੋਰਨਾਂ ਦੋਸ਼ੀਆਂ ਤੇ ਜਗਦੀਸ਼ ਟਾਈਟਲਰ ਵਿਰੁਧ ਸਜ਼ਾ ਦਿਵਾਉਣ ਲਈ ਦਿੱਲੀ ਕਮੇਟੀ ਦੀ ਲੜਾਈ ਜਾਰੀ ਰਹੇਗੀ ਤੇ ਅਸੀਂ ਹਰ ਹੀਲੇ ਉਨ੍ਹਾਂ ਨੂੰ ਵੀ ਜੇਲ ਪਹੁੰਚਾ ਕੇ ਹੀ ਸਾਹ ਲਵਾਂਗੇ।