ਪੁਲਵਾਮਾ 'ਚ ਮੁੱਠਭੇੜ ਦੌਰਾਨ 1 ਜਵਾਨ ਸ਼ਹੀਦ, 4 ਅਤਿਵਾਦੀ ਘਿਰੇ  

ਏਜੰਸੀ

ਖ਼ਬਰਾਂ, ਰਾਸ਼ਟਰੀ

ਚੌਕਸੀ ਵਜੋਂ ਪੁਲਵਾਮਾ 'ਚ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ।

Encounter underway in Jammu and Kashmir's Pulwama, one army jawan killed

ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ ਸੁਰੱਖਿਆ ਫ਼ੋਰਸਾਂ ਅਤੇ ਅਤਿਵਾਦੀਆਂ ਵਿਚਾਲੇ ਮੁਕਾਬਲੇ 'ਚ ਫ਼ੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ ਜਦਕਿ 4 ਅਤਿਵਾਦੀਆਂ ਨੂੰ ਘੇਰ ਲਿਆ ਗਿਆ ਅਤੇ ਐਂਨਕਾਊਂਟਰ ਜਾਰੀ ਹੈ। ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਤਿਵਾਦੀਆਂ ਦੀ ਮੌਜੂਦਗੀ ਦੀ ਜਾਣਕਾਰੀ ਮਿਲਣ ਤੋਂ ਬਾਅਦ ਸੁਰੱਖਿਆ ਫ਼ੋਰਸਾਂ ਨੇ ਪੁਲਵਾਮਾ ਜ਼ਿਲ੍ਹੇ ਦੇ ਰਾਜਪੁਰਾ ਦੇ ਹਾਜਿਨ ਪਿੰਡ 'ਚ ਘੇਰਾਬੰਦੀ ਕਰ ਕੇ ਤਲਾਸ਼ ਮੁਹਿੰਮ ਸ਼ੁਰੂ ਕੀਤੀ ਸੀ।

ਅਤਿਵਾਦੀਆਂ ਦੇ ਸੁਰੱਖਿਆ ਫ਼ੋਰਸਾਂ 'ਤੇ ਗੋਲੀਆਂ ਚਲਾਉਣ ਨਾਲ ਮੁਹਿੰਮ ਮੁਕਾਬਲੇ 'ਚ ਬਦਲ ਗਈ। ਸੁਰੱਖਿਆ ਫ਼ੋਰਸਾਂ ਨੇ ਵੀ ਗੋਲੀਬਾਰੀ ਦਾ ਕਰਾਰਾ ਜਵਾਬ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤੀ ਗੋਲੀਬਾਰੀ 'ਚ ਇਕ ਜਵਾਨ ਜ਼ਖਮੀ ਹੋ ਗਿਆ ਸੀ, ਜਿਸ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਹਾਦਸੇ ਵਾਲੀ ਜਗ੍ਹਾ 'ਤੇ ਤਿੰਨ ਤੋਂ ਚਾਰ ਅਤਿਵਾਦੀ ਮੌਜੂਦ ਹਨ।

ਸੂਤਰਾਂ ਅਨੁਸਾਰ ਖੇਤਰ ਦੇ ਵਾਸੀਆਂ ਨੂੰ ਸੁਰੱਖਿਅਤ ਥਾਂਵਾਂ 'ਤੇ ਪਹੁੰਚਾਇਆ ਗਿਆ ਹੈ। ਇਸ ਵਿਚ, ਚੌਕਸੀ ਵਜੋਂ ਪੁਲਵਾਮਾ 'ਚ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ। ਕਾਨੂੰਨ ਵਿਵਸਥਾ ਵਿਗੜਨ ਤੋਂ ਰੋਕਣ ਲਈ ਨਜ਼ਦੀਕੀ ਖੇਤਰ 'ਚ ਐਡੀਸ਼ਨਲ ਸੁਰੱਖਿਆ ਫ਼ੋਰਸ ਤਾਇਨਾਤ ਕੀਤੀ ਗਈ ਹੈ।