ਪੰਜਾਬ 'ਚ 300 ਯੂਨਿਟ ਮੁਫ਼ਤ ਦੇਣ 'ਤੇ ਘਿਰੇ ਕੇਜਰੀਵਾਲ, ਨਰੇਸ਼ ਗੁਜਰਾਲ ਨੇ ਚੁੱਕੇ ਵੱਡੇ ਸਵਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੰਜਾਬ ਦੀ ਜਨਤਾ ਨੂੰ ਸਪੱਸ਼ਟ ਕਰਨ ਕਿ ਬਿਜਲੀ ਦੇ 300 ਯੂਨਿਟ ਮੁਫ਼ਤ ਦੇਣ ਲਈ ਫੰਡ ਕਿੱਥੋਂ ਆਉਣਗੇ।

Naresh Gujral

ਨਵੀਂ ਦਿੱਲੀ : 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਸਰਕਾਰ ਬਣਨ 'ਤੇ ਪੰਜਾਬ ਵਾਸੀਆਂ ਨੂੰ 300 ਯੂਨਿਟ ਮੁਫ਼ਤ ਬਿਜਲੀ ਦੇ ਐਲਾਨ ਮਗਰੋਂ ਪੰਜਾਬ ਵਿਚ ਸਿਆਸਤ ਭਖੀ ਹੋਈ ਹੈ। ਇਸ ਦੌਰਾਨ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਨੇ ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਕੇਜਰੀਵਾਲ ਨੂੰ 2 ਵੱਡੇ ਸਵਾਲ ਕੀਤੇ ਹਨ। ਨਰੇਸ਼ ਗੁਜਰਾਲ ਨੇ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੀਡੀਆ ਤੇ ਲੋਕ ਸੋਚ ਰਹੇ ਸਨ ਕਿ ਆਮ ਆਦਮੀ ਪਾਰਟੀ (ਆਪ) ਪੰਜਾਬ ’ਚ ਸਰਕਾਰ ਬਣਾਵੇਗੀ

 

ਪਰ ਉਸ ਦੇ 16 ਉਮੀਦਵਾਰ ਹੀ ਚੋਣਾਂ ’ਚ ਜਿੱਤ ਸਕੇ ਤੇ ਉਨ੍ਹਾਂ ’ਚੋਂ ਵੀ ਕਈ ਵਿਧਾਇਕ ਪਾਰਟੀ ਨੂੰ ਅੱਧ-ਵਿਚਾਲੇ ਛੱਡ ਗਏ। ਇਸ ਦੌਰਾਨ ‘ਆਪ’ ਦਾ ਵੋਟ ਸ਼ੇਅਰ ਵੀ ਸ਼੍ਰੋਮਣੀ ਅਕਾਲੀ ਦਲ ਤੋਂ 10 ਫੀਸਦੀ ਘੱਟ ਸੀ ਤੇ ਸਾਡੇ 15 ਉਮੀਦਵਾਰ ਜਿੱਤੇ ਸਨ, ਇਹ ਬਹੁਤਾ ਮਾਇਨੇ ਨਹੀਂ ਰੱਖਦਾ। ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਲੋਕਾਂ ਨਾਲ ਕੀਤੇ ਕੱਚੇ ਵਾਅਦਿਆਂ ਨੂੰ ਲੈ ਕੇ ਦੋ ਸੁਆਲ ਕੀਤੇ।

ਉਨ੍ਹਾਂ ਕਿਹਾ ਕਿ ਜੇ ਉਹ ਪੰਜਾਬ ਦੇ ਲੋਕਾਂ ਨੂੰ 300 ਯੂਨਿਟ ਮੁਫ਼ਤ ਬਿਜਲੀ ਦੇ ਕੇ ਖੁਸ਼ ਹਨ ਤਾਂ ਉਹ ਦਿੱਲੀ ਦੇ ਲੋਕਾਂ ਨੂੰ 200 ਯੂਨਿਟ ਮੁਫ਼ਤ ਕਿਉਂ ਦੇ ਰਹੇ, ਜਿਸ ਸੂਬੇ ਨੂੰ ਫੰਡਾਂ ਦੀ ਵੀ ਕੋਈ ਘਾਟ ਨਹੀਂ ਹੈ। ਉਨ੍ਹਾਂ ਅਰਵਿੰਦ ਕੇਜਰੀਵਾਲ ਨੂੰ ਦੂਜਾ ਸੁਆਲ ਕਰਦਿਆਂ ਕਿਹਾ ਕਿ ਉਹ ਇਹ ਵੀ ਪੰਜਾਬ ਦੀ ਜਨਤਾ ਨੂੰ ਸਪੱਸ਼ਟ ਕਰਨ ਕਿ ਬਿਜਲੀ ਦੇ 300 ਯੂਨਿਟ ਮੁਫ਼ਤ ਦੇਣ ਲਈ ਫੰਡ ਕਿੱਥੋਂ ਆਉਣਗੇ।

ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨਾਲ 300 ਯੂਨਿਟ ਬਿਜਲੀ ਮੁਫ਼ਤ ਦੇਣ ਦਾ ਘਿਨੌਣਾ ਵਾਅਦਾ ਕੀਤਾ ਹੈ। ਉਨ੍ਹਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਕਾਂਗਰਸ ਦੇ ਨੇਤਾ ਨਵਜੋਤ ਸਿੰਘ ਸਿੱਧੂ ਦੇ ਵਿਵਾਦ ’ਤੇ ਬੋਲਦਿਆਂ ਕਿਹਾ ਕਿ ਸਿੱਧੂ ਸਿਆਸੀ ਤੌਰ ’ਤੇ ਅਸਥਿਰ ਪ੍ਰਤੀਤ ਹੁੰਦੇ ਹਨ।