ਹਸਪਤਾਲ ਦਾ ਬਿੱਲ ਨਾ ਭਰ ਸਕਿਆ ਪਰਿਵਾਰ, ਡਾਕਟਰਾਂ ਨੇ ਢਾਈ ਮਹੀਨਿਆਂ ਬਾਅਦ ਦਿੱਤੀ ਮ੍ਰਿਤਕ ਦੀ ਲਾਸ਼
ਢਾਈ ਮਹੀਨਿਆਂ ਬਾਅਦ ਦਿੱਤੀ ਮ੍ਰਿਤਕ ਦੀ ਲਾਸ਼
ਹਾਪੁੜ : ਯੂਪੀ ਦੇ ਹਾਪੁੜ ਜ਼ਿਲੇ ਵਿਚ ਕੋਰੋਨਾ ਦਾ ਕਹਿਰ ਅਜੇ ਵੀ ਵੇਖਣ ਨੂੰ ਮਿਲ ਰਿਹਾ ਹੈ। ਤਾਜ਼ਾ ਮਾਮਲਾ ਹਾਪੁੜ ਦੇ ਸਿਟੀ ਕੋਤਵਾਲੀ ਖੇਤਰ ਦਾ ਹੈ, ਜਿਥੇ 15 ਹਜ਼ਾਰ ਰੁਪਏ ਨਾ ਹੋਣ ਕਾਰਨ ਪਰਿਵਾਰ ਨੂੰ ਕੋਰੋਨਾ ਸਕਾਰਾਤਮਕ ਵਿਅਕਤੀ ਦੀ ਲਾਸ਼ ਕਰੀਬ ਢਾਈ ਮਹੀਨਿਆਂ ਬਾਅਦ ਮਿਲੀ ਤੇ ਫਿਰ ਜਾ ਕੇ ਉਸਦਾ ਅੰਤਿਮ ਸਸਕਾਰ ਕੀਤਾ ਗਿਆ।
ਮ੍ਰਿਤਕ ਨੌਜਵਾਨ ਅਪ੍ਰੈਲ ਮਹੀਨੇ ਵਿੱਚ ਕੋਰੋਨਾ ਸਕਾਰਾਤਮਕ ਪਾਇਆ ਗਿਆ ਸੀ ਜਿਸ ਨੂੰ ਇਲਾਜ ਲਈ ਮੇਰਠ ਰੈਫਰ ਕਰ ਦਿੱਤਾ ਗਿਆ ਸੀ, ਮੇਰਠ ਵਿੱਚ ਇਲਾਜ ਦੌਰਾਨ ਵਿਅਕਤੀ ਨੇ ਦਮ ਤੋੜ ਦਿੱਤਾ।
ਉਸ ਸਮੇਂ ਦੌਰਾਨ, ਉਸ ਵਿਅਕਤੀ ਦੀ ਪਤਨੀ ਨੂੰ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ 15 ਹਜ਼ਾਰ ਰੁਪਿਆ ਬਿੱਲ ਬਣਿਆ ਹੈ ਪਹਿਲਾਂ ਉਹਨਾਂ ਨੂੰ ਬਿੱਲ ਦਾ ਭੁਗਤਾਨ ਕਰਨਾ ਪਵੇਗਾ ਫਿਰ ਉਸਦੇ ਪਤੀ ਦੀ ਲਾਸ਼ ਦਿੱਤੀ ਜਾਵੇਗੀ ਨਹੀਂ ਤਾਂ ਉਹ ਆਪ ਅੰਤਿਮ ਸਸਕਾਰ ਕਰ ਦੇਣਗੇ।
ਜਿਸਤੋਂ ਬਾਅਦ ਮ੍ਰਿਤਕ ਦੀ ਪਤਨੀ ਪੈਸਿਆ ਦਾ ਇੰਤਜ਼ਾਮ ਕਰਨ ਲੱਗ ਪਈ ਪਰ ਪੈਸਿਆ ਦਾ ਇੰਤਜ਼ਾਮ ਨਾ ਹੋ ਸਕਿਆ ਤੇ ਮ੍ਰਿਤਕ ਦੀ ਪਤਨੀ ਵਾਪਸ ਪਿੰਡ ਚਲੀ ਗਈ। ਢਾਈ ਮਹੀਨਿਆਂ ਬਾਅਦ ਵੀ ਕੋਈ ਮ੍ਰਿਤਕ ਦੇਹ ਨੂੰ ਲੈਣ ਨਹੀਂ ਗਿਆ ਤਾਂ ਮੇਰਠ ਹਸਪਤਾਲ ਨੇ ਲਾਸ਼ ਨੂੰ ਹਾਪੁੜ ਸਿਹਤ ਵਿਭਾਗ ਦੇ ਹਵਾਲੇ ਕਰ ਦਿੱਤਾ।
ਹਾਪੁੜ ਸਿਹਤ ਵਿਭਾਗ ਨੇ ਲਾਸ਼ ਨੂੰ ਤਿੰਨ ਦਿਨ ਪਹਿਲਾਂ ਜੀਐਸ ਮੈਡੀਕਲ ਕਾਲਜ ਵਿੱਚ ਰੱਖਿਆ ਉਸ ਤੋਂ ਬਾਅਦ ਪ੍ਰਸ਼ਾਸਨ ਦੀ ਮਦਦ ਨਾਲ ਪਰਿਵਾਰਕ ਮੈਂਬਰਾਂ ਦੀ ਭਾਲ ਸ਼ੁਰੂ ਕਰ ਦਿੱਤੀ। ਜਦੋਂ ਰਿਸ਼ਤੇਦਾਰਾਂ ਦਾ ਪਤਾ ਲੱਗਿਆ ਤਾਂ ਲਾਸ਼ ਰਿਸ਼ਤੇਦਾਰਾਂ ਨੂੰ ਦੇ ਦਿੱਤੀ ਗਈ ਅਤੇ ਲਾਸ਼ ਦਾ ਅੰਤਿਮ ਸਸਕਾਰ ਐਨਜੀਓ ਦੇ ਜ਼ਰੀਏ ਕਰ ਦਿੱਤਾ ਗਿਆ।