ਰਾਹੁਲ ਗਾਂਧੀ ਦੀ ਵੀਡੀਓ 'ਤੇ 'ਝੂਠ' ਫੈਲਾਉਣ 'ਤੇ ਭਾਜਪਾ ਮੰਗੇ ਮੁਆਫ਼ੀ, ਨਹੀਂ ਤਾਂ ਹੋਵੇਗੀ ਕਾਨੂੰਨੀ ਕਾਰਵਾਈ: ਕਾਂਗਰਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਭਾਜਪਾ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਨੂੰ ਪੱਤਰ ਲਿਖ ਕੇ ਆਪਣੇ ਨੇਤਾਵਾਂ ਵੱਲੋਂ 'ਝੂਠ' ਫੈਲਾਉਣ ਲਈ ਮੁਆਫੀ ਮੰਗਣ ਲਈ ਕਿਹਾ ਹੈ

Jairam Ramesh

 

ਨਵੀਂ ਦਿੱਲੀ - ਭਾਰਤੀ ਜਨਤਾ ਪਾਰਟੀ ਦੇ ਕੁਝ ਨੇਤਾਵਾਂ ਵਲੋਂ ਰਾਹੁਲ ਗਾਂਧੀ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਜਾਣ ਤੋਂ ਬਾਅਦ ਕਾਂਗਰਸ ਨੇ ਸ਼ਨੀਵਾਰ ਨੂੰ ਕਿਹਾ ਕਿ ਇਸ ਨੂੰ 'ਫਰਜ਼ੀ ਖਬਰ' ਦੇ ਰੂਪ ਵਿਚ ਫੈਲਾਇਆ ਗਿਆ ਸੀ ਅਤੇ ਜੇਕਰ ਭਾਜਪਾ ਅਤੇ ਇਸ ਦੇ ਨੇਤਾ ਇਸ ਲਈ ਮੁਆਫੀ ਨਹੀਂ ਮੰਗਦੇ ਹਨ ਤਾਂ ਉਹਨਾਂ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਭਾਜਪਾ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਨੂੰ ਪੱਤਰ ਲਿਖ ਕੇ ਆਪਣੇ ਨੇਤਾਵਾਂ ਵੱਲੋਂ 'ਝੂਠ' ਫੈਲਾਉਣ ਲਈ ਮੁਆਫੀ ਮੰਗਣ ਲਈ ਕਿਹਾ ਹੈ। ਦਰਅਸਲ, ਇਹ ਵੀਡੀਓ ਇੱਕ ਨਿਊਜ਼ ਚੈਨਲ ਨਾਲ ਸਬੰਧਤ ਹੈ। ਕਾਂਗਰਸ ਦਾ ਕਹਿਣਾ ਹੈ ਕਿ ਉਹਨਾਂ ਦੇ ਸਾਬਕਾ ਪ੍ਰਧਾਨ ਨੇ ਰਾਹੁਲ ਗਾਂਧੀ ਦੇ ਸੰਸਦੀ ਖੇਤਰ ਵਾਇਨਾਡ ਵਿਚ ਐਸਐਫਆਈ ਵਰਕਰਾਂ ਵੱਲੋਂ ਕੀਤੇ ਕਥਿਤ ਹਮਲੇ ਦੇ ਸੰਦਰਭ ਵਿਚ ਟਿੱਪਣੀ ਕੀਤੀ, ਜਿਸ ਨੂੰ ਚੈਨਲ ਨੇ ਉਦੈਪੁਰ ਘਟਨਾ ਨਾਲ ਜੋੜਿਆ। ਮੁੱਖ ਵਿਰੋਧੀ ਪਾਰਟੀ ਦਾ ਕਹਿਣਾ ਹੈ ਕਿ ਚੈਨਲ ਨੇ ਆਪਣੀ ਗਲਤੀ ਲਈ ਮੁਆਫੀ ਮੰਗ ਲਈ ਹੈ।

 

ਰਮੇਸ਼ ਨੇ ਇਸੇ ਮਾਮਲੇ ਨੂੰ ਲੈ ਕੇ ਨੱਡਾ ਨੂੰ ਪੱਤਰ ਲਿਖ ਕੇ ਕਿਹਾ ਕਿ ਸਾਬਕਾ ਕੇਂਦਰੀ ਮੰਤਰੀ ਰਾਜਵਰਧਨ ਰਾਠੌਰ ਅਤੇ ਕੁਝ ਹੋਰ ਭਾਜਪਾ ਨੇਤਾਵਾਂ ਨੇ ਰਾਹੁਲ ਗਾਂਧੀ ਦੀ ਇਸ ਵੀਡੀਓ ਨੂੰ ਸ਼ੇਅਰ ਅਤੇ ਸਰਕੂਲੇਟ ਕੀਤਾ ਹੈ। ਉਨ੍ਹਾਂ ਕਿਹਾ ਕਿ ਨੱਡਾ ਨੂੰ ਆਪਣੇ ਆਗੂਆਂ ਵੱਲੋਂ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਰਾਠੌਰ ਵੱਲੋਂ ਰਾਹੁਲ ਗਾਂਧੀ ਨਾਲ ਸਬੰਧਤ ਇਸ ਵੀਡੀਓ ਨੂੰ ਟਵਿੱਟਰ 'ਤੇ ਸ਼ੇਅਰ ਕਰਨ ਤੋਂ ਬਾਅਦ ਮਾਈਕ੍ਰੋ ਬਲੌਗਿੰਗ ਵੈੱਬਸਾਈਟ ਨੇ ਇਸ ਨੂੰ 'ਫਲੈਗ' ਕਰ ਦਿੱਤਾ ਅਤੇ ਲਿਖਿਆ, "ਇਹ ਮੀਡੀਆ ਸੰਦਰਭ ਤੋਂ ਬਾਹਰ ਪੇਸ਼ ਕੀਤਾ ਗਿਆ ਹੈ"।