PM ਮੋਦੀ ਸਮਝ ਹੀ ਨਹੀਂ ਸਕੇ ਮਨਰੇਗਾ ਦੀ ਡੂੰਘਾਈ - ਰਾਹੁਲ ਗਾਂਧੀ
ਕਿਹਾ -ਅੱਜ ਸਾਡੇ ਕਿਸਾਨਾਂ ਅਤੇ ਖੇਤੀ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ
ਕੇਰਲ : ਆਪਣੇ ਕੇਰਲ ਦੌਰੇ ਦੇ ਦੂਜੇ ਦਿਨ ਕਾਂਗਰਸ ਨੇਤਾ ਰਾਹੁਲ ਗਾਂਧੀ ਅੱਜ ਆਪਣੇ ਸੰਸਦੀ ਖੇਤਰ ਵਾਇਨਾਡ 'ਚ ਮੌਜੂਦ ਹਨ ਅਤੇ ਵੱਖ-ਵੱਖ ਪ੍ਰੋਗਰਾਮਾਂ 'ਚ ਹਿੱਸਾ ਲੈ ਰਹੇ ਹਨ। ਇਸ ਦੌਰਾਨ ਉਨ੍ਹਾਂ ਮਨਰੇਗਾ ਮਜ਼ਦੂਰਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸੰਬੋਧਨ ਕੀਤਾ। ਰਾਹੁਲ ਗਾਂਧੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਯੂਪੀਏ ਸਰਕਾਰ ਨੇ ਮਨਰੇਗਾ ਦੀ ਸੰਕਲਪਿਤ, ਵਿਕਸਿਤ ਅਤੇ ਲਾਗੂ ਕੀਤਾ ਸੀ। ਮੈਨੂੰ ਯਾਦ ਹੈ ਜਦੋਂ ਇਸ ਦਾ ਪਹਿਲੀ ਵਾਰ ਜ਼ਿਕਰ ਕੀਤਾ ਗਿਆ ਸੀ ਤਾਂ ਸਾਨੂੰ ਬਹੁਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਨੌਕਰਸ਼ਾਹਾਂ, ਕਾਰੋਬਾਰੀਆਂ ਨੇ ਇਸ ਨੂੰ ਪੈਸੇ ਦੀ ਬਰਬਾਦੀ ਦੱਸਿਆ ਸੀ।
ਰਾਹੁਲ ਗਾਂਧੀ ਨੇ ਮਨਰੇਗਾ ਨੂੰ ਲੈ ਕੇ ਪੀਐਮ ਮੋਦੀ 'ਤੇ ਵੀ ਨਿਸ਼ਾਨਾ ਸਾਧਿਆ। ਰਾਹੁਲ ਗਾਂਧੀ ਨੇ ਕਿਹਾ ਕਿ ਜਦੋਂ ਮੈਂ ਪ੍ਰਧਾਨ ਮੰਤਰੀ ਨੂੰ ਲੋਕ ਸਭਾ ਵਿੱਚ ਮਨਰੇਗਾ ਖ਼ਿਲਾਫ਼ ਬੋਲਦੇ ਸੁਣਿਆ ਤਾਂ ਮੈਂ ਹੈਰਾਨ ਰਹਿ ਗਿਆ। ਉਨ੍ਹਾਂ ਨੇ ਇਸ ਨੂੰ ਯੂ.ਪੀ.ਏ. ਦੀਆਂ ਅਸਫਲਤਾਵਾਂ ਦਾ ਜਿਉਂਦਾ ਜਾਗਦਾ ਸਮਾਰਕ ਦੱਸਿਆ। ਉਨ੍ਹਾਂ ਇਸ ਨੂੰ ਸਰਕਾਰੀ ਖ਼ਜ਼ਾਨੇ 'ਤੇ ਬੋਝ ਦੱਸਿਆ। ਇਸ ਤੋਂ ਮੈਨੂੰ ਅਹਿਸਾਸ ਹੋਇਆ ਕਿ ਪ੍ਰਧਾਨ ਮੰਤਰੀ ਮਨਰੇਗਾ ਦੀ ਡੂੰਘਾਈ ਨੂੰ ਨਹੀਂ ਸਮਝ ਸਕੇ ਹਨ।
ਰਾਹੁਲ ਨੇ ਕਿਹਾ ਕਿ ਮੈਂ ਕੋਰੋਨਾ ਦੇ ਦੌਰ 'ਚ ਦੇਖ ਰਿਹਾ ਸੀ ਜਦੋਂ ਹਜ਼ਾਰਾਂ ਲੋਕ ਬੇਰੁਜ਼ਗਾਰ ਹੋ ਗਏ ਜਦਕਿ ਮਨਰੇਗਾ ਨੇ ਲੋਕਾਂ ਨੂੰ ਬਚਾਇਆ। ਪ੍ਰਧਾਨ ਮੰਤਰੀ ਨੇ ਉਸ ਸਮੇਂ ਮਨਰੇਗਾ 'ਤੇ ਸਵਾਲ ਨਹੀਂ ਚੁੱਕੇ ਕਿਉਂਕਿ ਇਹ ਸਪੱਸ਼ਟ ਹੋ ਗਿਆ ਸੀ ਕਿ ਉਨ੍ਹਾਂ ਨੇ ਯੂ.ਪੀ.ਏ. ਦੀਆਂ ਅਸਫਲਤਾਵਾਂ ਦਾ ਜਿਊਂਦਾ ਜਾਗਦਾ ਸਮਾਰਕ ਦੱਸਿਆ ਸੀ, ਜਿਸ ਨੇ ਕੋਵਿਡ ਦੇ ਸਮੇਂ ਭਾਰਤ ਨੂੰ ਬਚਾਇਆ ਸੀ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਰਾਹੁਲ ਗਾਂਧੀ ਨੇ ਮਨੰਥਵਾੜੀ ਵਿੱਚ ਕਿਸਾਨ ਬੈਂਕ ਦੀ ਇਮਾਰਤ ਅਤੇ ਸੁਲਤਾਨ ਬਥੇਰੀ ਵਿੱਚ UDF ਬਹੁਜਨ ਸੰਗਮ ਦੇ ਉਦਘਾਟਨ ਵਿੱਚ ਸ਼ਿਰਕਤ ਕੀਤੀ ਸੀ। ਇਸ ਦੌਰਾਨ ਉਨ੍ਹਾਂ ਕਿਹਾ ਸੀ ਕਿ ਅੱਜ ਸਾਡੇ ਕਿਸਾਨਾਂ ਅਤੇ ਖੇਤੀ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਕਿਸਾਨਾਂ ਨੂੰ ਬਿਨਾਂ ਕਿਸੇ ਸਹਾਰੇ ਤੋਂ ਉਨ੍ਹਾਂ ਦੀ ਹਾਲ 'ਤੇ ਛੱਡ ਦਿੱਤਾ ਗਿਆ ਹੈ। ਸਰਕਾਰਾਂ ਨੂੰ ਸਾਡੇ ਕਿਸਾਨਾਂ ਅਤੇ ਖੇਤੀ ਦੀ ਸੁਰੱਖਿਆ ਲਈ ਕੰਮ ਕਰਨਾ ਚਾਹੀਦਾ ਹੈ।