ਮਹਾਰਾਸ਼ਟਰ : ਸ਼ਿੰਦੇ ਸਰਕਾਰ 'ਚ ਸ਼ਾਮਲ ਹੋਏ ਅਜੀਤ ਪਵਾਰ ਨੇ ਉਪ-ਮੁੱਖ ਮੰਤਰੀ ਵਜੋਂ ਚੁੱਕੀ ਸਹੁੰ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਦੌਰਾਨ ਸੀਐਮ ਏਕਨਾਥ ਸ਼ਿੰਦੇ ਅਤੇ ਡਿਪਟੀ ਸੀਐਮ ਦੇਵੇਂਦਰ ਫੜਨਵੀਸ ਮੌਜੂਦ ਹਨ

photo

 

ਮਹਾਰਾਸ਼ਟਰ : ਮਹਾਰਾਸ਼ਟਰ 'ਚ ਐਤਵਾਰ ਨੂੰ ਵੱਡੀ ਸਿਆਸੀ ਉਥਲ-ਪੁਥਲ ਹੋਈ। ਸ਼ਰਦ ਪਵਾਰ ਦੇ ਭਤੀਜੇ ਅਤੇ ਵਿਰੋਧੀ ਧਿਰ ਦੇ ਨੇਤਾ ਅਜੀਤ ਪਵਾਰ ਮਹਾਰਾਸ਼ਟਰ ਦੀ ਸ਼ਿੰਦੇ ਸਰਕਾਰ ਵਿਚ ਸ਼ਾਮਲ ਹੋ ਗਏ ਹਨ। ਉਹ ਆਪਣੇ ਕੁਝ ਸਮਰਥਕ ਵਿਧਾਇਕਾਂ ਨਾਲ ਰਾਜ ਭਵਨ ਪੁੱਜੇ ਅਤੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਨ੍ਹਾਂ ਨੂੰ ਸੂਬੇ ਦਾ ਉਪ ਮੁੱਖ ਮੰਤਰੀ ਬਣਾਇਆ ਗਿਆ ਹੈ। ਇਸ ਦੌਰਾਨ ਸੀਐਮ ਏਕਨਾਥ ਸ਼ਿੰਦੇ ਅਤੇ ਡਿਪਟੀ ਸੀਐਮ ਦੇਵੇਂਦਰ ਫੜਨਵੀਸ ਮੌਜੂਦ ਹਨ।

ਰਿਪੋਰਟਾਂ ਮੁਤਾਬਕ NCP ਦੇ 9 ਵਿਧਾਇਕ ਮੰਤਰੀ ਵਜੋਂ ਸਹੁੰ ਚੁੱਕਣਗੇ। ਪਵਾਰ ਤੋਂ ਇਲਾਵਾ ਇਨ੍ਹਾਂ 'ਚ ਛਗਨ ਭੁਜਬਲ, ਧਨੰਜੈ ਮੁੰਡੇ, ਅਨਿਲ ਪਾਟਿਲ, ਦਿਲੀਪ ਵਾਲਸੇ ਪਾਟਿਲ, ਧਰਮਰਾਓ ਆਤਰਮ, ਸੁਨੀਲ ਵਲਸਾਡ, ਅਦਿਤੀ ਤਤਕਰੇ ਅਤੇ ਹਸਨ ਮੁਸ਼ਰਿਫ ਸ਼ਾਮਲ ਹਨ।

ਸਮਾਚਾਰ ਏਜੰਸੀ ਅਨੁਸਾਰ, ਅਜੀਤ ਪਵਾਰ ਦੇ ਨਾਲ ਰਾਜ ਭਵਨ ਗਏ ਕੁਝ ਵਿਧਾਇਕ ਪਟਨਾ ਵਿਚ ਵਿਰੋਧੀ ਏਕਤਾ ਦੀ ਮੀਟਿੰਗ ਵਿਚ ਮੰਚ ਸਾਂਝਾ ਕਰਨ ਅਤੇ ਰਾਹੁਲ ਗਾਂਧੀ ਨੂੰ ਸਹਿਯੋਗ ਦੇਣ ਦੇ ਸ਼ਰਦ ਪਵਾਰ ਦੇ ਇੱਕਤਰਫਾ ਫੈਸਲੇ ਤੋਂ ਨਾਰਾਜ਼ ਸਨ।

ਅਜੀਤ ਪਵਾਰ ਨੇ ਐਤਵਾਰ ਨੂੰ ਮੁੰਬਈ ਸਥਿਤ ਆਪਣੀ ਸਰਕਾਰੀ ਰਿਹਾਇਸ਼ 'ਤੇ ਪਾਰਟੀ ਦੇ ਕੁਝ ਨੇਤਾਵਾਂ ਅਤੇ ਵਿਧਾਇਕਾਂ ਨਾਲ ਬੈਠਕ ਕੀਤੀ। ਇਸ ਵਿਚ ਪਾਰਟੀ ਦੀ ਕਾਰਜਕਾਰੀ ਪ੍ਰਧਾਨ ਸੁਪ੍ਰੀਆ ਸੁਲੇ ਮੌਜੂਦ ਸਨ। ਜਦੋਂ ਅਜੀਤ ਪਵਾਰ ਰਾਜ ਭਵਨ ਪਹੁੰਚੇ ਤਾਂ ਐਨਸੀਪੀ ਮੁਖੀ ਸ਼ਰਦ ਪਵਾਰ ਪੁਣੇ ਵਿਚ ਸਨ। ਉਨ੍ਹਾਂ ਨੂੰ ਵਿਧਾਇਕਾਂ ਦੀ ਮੀਟਿੰਗ ਦੀ ਜਾਣਕਾਰੀ ਨਹੀਂ ਸੀ। ਬਾਅਦ ਵਿਚ ਜਦੋਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਕਿਹਾ- ਅਜੀਤ ਪਵਾਰ ਵਿਰੋਧੀ ਧਿਰ ਦੇ ਨੇਤਾ ਹਨ, ਇਸ ਲਈ ਉਨ੍ਹਾਂ ਨੂੰ ਵਿਧਾਇਕਾਂ ਦੀ ਮੀਟਿੰਗ ਬੁਲਾਉਣ ਦਾ ਅਧਿਕਾਰ ਹੈ।