ਸੰਸਦ ਸੁਰੱਖਿਆ ਦੀ ਉਲੰਘਣਾ ਦਾ ਮਾਮਲਾ: ਦਿੱਲੀ ਹਾਈ ਕੋਰਟ ਨੇ ਮੁਲਜ਼ਮ ਨੀਲਮ ਆਜ਼ਾਦ ਤੇ ਮਹੇਸ਼ ਕੁਮਾਵਤ ਨੂੰ ਦਿਤੀ ਜ਼ਮਾਨਤ
50-50 ਹਜ਼ਾਰ ਰੁਪਏ ਦੇ ਨਿੱਜੀ ਮੁਚਲਕੇ ਅਤੇ ਇੰਨੀ ਹੀ ਰਕਮ ਦੇ ਦੋ ਜ਼ਮਾਨਤੀਆਂ ਉਤੇ ਰਾਹਤ ਦਿਤੀ।
ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਦਸੰਬਰ 2023 ’ਚ ਸੰਸਦ ਸੁਰੱਖਿਆ ਦੀ ਉਲੰਘਣਾ ਦੇ ਮਾਮਲੇ ’ਚ ਬੁਧਵਾਰ ਨੂੰ ਦੋ ਮੁਲਜ਼ਮਾਂ ਨੂੰ ਜ਼ਮਾਨਤ ਦੇ ਦਿਤੀ।
ਜਸਟਿਸ ਸੁਬਰਾਮਨੀਅਮ ਪ੍ਰਸਾਦ ਅਤੇ ਜਸਟਿਸ ਹਰੀਸ਼ ਵੈਦਿਆਨਾਥਨ ਸ਼ੰਕਰ ਦੀ ਬੈਂਚ ਨੇ ਨੀਲਮ ਆਜ਼ਾਦ ਅਤੇ ਮਹੇਸ਼ ਕੁਮਾਵਤ ਨੂੰ 50-50 ਹਜ਼ਾਰ ਰੁਪਏ ਦੇ ਨਿੱਜੀ ਮੁਚਲਕੇ ਅਤੇ ਇੰਨੀ ਹੀ ਰਕਮ ਦੇ ਦੋ ਜ਼ਮਾਨਤੀਆਂ ਉਤੇ ਰਾਹਤ ਦਿਤੀ।
ਜੱਜ ਨੇ ਉਨ੍ਹਾਂ ਨੂੰ ਇਹ ਵੀ ਹੁਕਮ ਦਿਤਾ ਕਿ ਉਹ ਮੀਡੀਆ ਆਊਟਲੇਟਾਂ ਨੂੰ ਇੰਟਰਵਿਊ ਨਾ ਦੇਣ ਜਾਂ ਘਟਨਾ ਨਾਲ ਸਬੰਧਤ ਸੋਸ਼ਲ ਮੀਡੀਆ ਪੋਸਟਾਂ ਨਾ ਕਰਨ। ਮੁਲਜ਼ਮਾਂ ਨੇ ਹੇਠਲੀ ਅਦਾਲਤ ਦੇ ਉਸ ਹੁਕਮ ਨੂੰ ਚੁਨੌਤੀ ਦਿਤੀ ਸੀ ਜਿਸ ਵਿਚ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿਤੀ ਗਈ ਸੀ।
ਸਾਲ 2001 ਦੇ ਸੰਸਦ ਅਤਿਵਾਦੀ ਹਮਲੇ ਦੀ ਵਰ੍ਹੇਗੰਢ ਉਤੇ ਸੁਰੱਖਿਆ ਦੀ ਵੱਡੀ ਉਲੰਘਣਾ ਕਰਦਿਆਂ ਸਾਗਰ ਸ਼ਰਮਾ ਅਤੇ ਮਨੋਰੰਜਨ ਡੀ ਨੇ ਸਿਫ਼ਰ ਕਾਲ ਦੌਰਾਨ ਜਨਤਕ ਗੈਲਰੀ ਤੋਂ ਕਥਿਤ ਤੌਰ ਉਤੇ ਲੋਕ ਸਭਾ ਦੇ ਚੈਂਬਰ ’ਚ ਛਾਲ ਮਾਰ ਦਿਤੀ, ਪੀਲੀ ਗੈਸ ਛੱਡੀ ਅਤੇ ਨਾਅਰੇਬਾਜ਼ੀ ਕੀਤੀ।
ਉਸੇ ਸਮੇਂ ਦੋ ਹੋਰ ਮੁਲਜ਼ਮਾਂ ਅਮੋਲ ਸ਼ਿੰਦੇ ਅਤੇ ਆਜ਼ਾਦ ਨੇ ਸੰਸਦ ਭਵਨ ਦੇ ਬਾਹਰ ਕਥਿਤ ਤੌਰ ’ਤੇ ‘ਤਾਨਾਸ਼ਾਹੀ ਨਹੀਂ ਚੱਲੇਗੀ’ ਦੇ ਨਾਅਰੇ ਲਾਉਂਦੇ ਹੋਏ ਰੰਗੀਨ ਗੈਸ ਛੱਡੀ ਸੀ। (ਪੀਟੀਆਈ)