ਭਾਰਤੀ ਫ਼ੌਜ ਵਿਚ 9000 ਅਫ਼ਸਰਾਂ ਦੀ ਕਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤਿੰਨੋਂ ਹਥਿਆਰਬੰਦ ਫ਼ੌਜਾਂ ਵਿਚ 9000 ਤੋਂ ਵਧੇਰੇ ਅਫ਼ਸਰਾਂ ਦੀ ਘਾਟ ਹੈ................

Indian Army

ਨਵੀਂ ਦਿੱਲੀ : ਤਿੰਨੋਂ ਹਥਿਆਰਬੰਦ ਫ਼ੌਜਾਂ ਵਿਚ 9000 ਤੋਂ ਵਧੇਰੇ ਅਫ਼ਸਰਾਂ ਦੀ ਘਾਟ ਹੈ। ਥਲ ਸੈਨਾ ਸੱਭ ਤੋਂ ਜ਼ਿਆਦਾ ਘਾਟ ਦਾ ਸਾਹਮਣਾ ਕਰ ਰਹੀ ਹੈ। ਇਹ ਜਾਣਕਾਰੀ ਰਖਿਆ ਰਾਜ ਮੰਤਰੀ ਸੁਭਾਸ਼ ਭਮਰੇ ਨੇ ਲੋਕ ਸਭਾ ਵਿਚ ਦਿੰਦਿਆਂ ਕਿਹਾ ਕਿ ਇਸ ਘਾਟ ਨੂੰ ਪੂਰਾ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦਸਿਆ ਕਿ 1 ਜਨਵਰੀ 2018 ਤਕ ਥਲ ਸੈਨਾ ਵਿਚ ਅਫ਼ਸਰਾਂ ਦੀਆਂ ਮਨਜ਼ੂਰਸ਼ੁਦਾ ਆਸਾਮੀਆਂ 49,933 ਸਨ ਪਰ ਇਸ ਵੇਲੇ ਇਸ ਵੇਲੇ 42,635 ਅਫ਼ਸਰ ਹਨ ਯਾਨੀ 7298 ਅਫ਼ਸਰਾਂ ਦੀ ਘਾਟ। ਜਲ ਸੈਨਾ ਵਿਚ ਅਫ਼ਸਰਾਂ ਦੀਆਂ ਮਨਜ਼ੂਰਸ਼ੁਦਾ ਆਸਾਮੀਆਂ ਦੀ ਗਿਣਤੀ 11, 352 ਹੈ ਜਦਕਿ ਇਸ ਵੇਲੇ 12,392 ਅਫ਼ਸਰ ਹਨ।

ਹਵਾਈ ਫ਼ੌਜ ਵਿਚ 192 ਅਫ਼ਸਰਾਂ ਦੀ ਘਾਟ ਹੈ। ਇਥੇ ਅਫ਼ਸਰਾਂ ਦੀ ਮੌਜੂਦਾ ਗਿਣਤੀ 12392 ਹੈ ਜਦਕਿ ਮਨਜ਼ੂਰਸ਼ੁਦਾ ਆਸਾਮੀਆਂ 12584 ਹਨ। ਚੀਨ ਨਾਲ ਸਬੰਧਤ ਸਵਾਲ ਦੇ ਜਵਾਬ ਵਿਚ ਉਨ੍ਹਾਂ ਦਸਿਆ ਕਿ ਸਰਕਾਰ ਨੇ ਸਰਹੱਦੀ ਸਹਿਯੋਗੀ ਸਮਝੌਤੇ ਲਈ ਚੀਨ ਕੋਲੋਂ ਹਾਲੇ ਕੋਈ ਤਜਵੀਜ਼ ਪ੍ਰਾਪਤ ਨਹੀਂ ਹੋਈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਚੀਨ ਵਿਚਕਾਰ ਸਰਹੱਦੀ ਰਖਿਆ ਸਹਿਯੋਗ ਬਾਰੇ ਸਮਝੌਤਾ 23 ਅਕਤੂਬਰ 2013 ਨੂੰ ਸਹੀਬੰਦ ਕੀਤਾ ਗਿਆ ਸੀ।

ਉਨ੍ਹਾਂ ਕਿਹਾ ਕਿ ਸਰਕਾਰ ਨੇ ਚੀਨ ਨਾਲ ਰਖਿਆ ਸਹਿਯੋਗ ਮਜ਼ਬੂਤ ਕਰਨ ਲਈ ਵੱਖ ਵੱਖ ਕਦਮ ਚੁੱਕੇ ਹਨ। ਰਖਿਆ ਸਹਿਯੋਗ ਵਧਾਉਣ ਲਈ ਚੁੱਕੇ ਜਾਣ ਵਾਲੇ ਕਦਮਾਂ ਵਿਚ ਸਾਲਾਨਾ ਰਖਿਆ ਅਤੇ ਸੁਰੱਖਿਆ ਗੱਲਬਾਤ, ਸਰਹੱਦੀ ਫ਼ੌਜਾਂ ਦੇ ਪੱਧਰ 'ਤੇ ਵਿਚਾਰ-ਵਟਾਂਦਰਾ, ਸਰਹੱਦੀ ਫ਼ੌਜੀਆਂ ਦੀਆਂ ਬੈਠਕਾਂ, ਵਿਸ਼ਵਾਸ ਬਹਾਲੀ ਦੇ ਕਦਮਾਂ ਸਬੰਧੀ ਪ੍ਰੋਟੋਕਾਲ ਆਦਿ ਸ਼ਾਮਲ ਹਨ। (ਏਜੰਸੀ)