ਕੰਟਰੋਲ ਲਾਈਨ 'ਤੇ ਪਾਕਿ ਵਲੋਂ ਕੀਤੀ ਗੋਲੀਬਾਰੀ 'ਚ ਇਕ ਜਵਾਨ ਸ਼ਹੀਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਵੰਬਰ 'ਚ ਹੋਣ ਵਾਲਾ ਸੀ ਹਿਮਾਚਲ ਦੇ ਜਵਾਨ ਦਾ ਵਿਆਹ

Army

ਜੰਮੂ, 1 ਅਗੱਸਤ : ਪਾਕਿਸਤਾਨੀ ਫ਼ੌਜ ਵਲੋਂ ਜੰਗਬੰਦੀ ਦਾ ਉਲੰਘਣਾ ਕਰ ਕੇ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਕੰਟਰੋਲ ਲਾਈਨ ਨੇੜੇ ਸਨਿਚਰਵਾਰ ਤੜਕੇ ਗੋਲੀਬਾਰੀ ਕੀਤੀ ਗਈ। ਇਸ ਗੋਲੀਬਾਰੀ ਵਿਚ ਇਕ ਭਾਰਤੀ ਜਵਾਨ ਸ਼ਹੀਦ ਹੋ ਗਿਆ। ਰਖਿਆ ਮੰਤਰਾਲਾ ਦੇ ਬੁਲਾਰੇ ਨੇ ਦਸਿਆ ਕਿ ਪਾਕਿਸਤਾਨੀ ਫ਼ੌਜ ਨੇ ਬਿਨਾਂ ਕਿਸੇ ਉਕਸਾਵੇ ਦੇ ਸਨਿਚਰਵਾਰ ਤੜਕੇ ਰਾਜੌਰੀ ਸੈਕਟਰ ਨੇੜੇ ਕੰਟਰੋਲ ਲਾਈਨ 'ਤੇ ਗੋਲੀਬਾਰੀ ਕੀਤੀ।

ਉਨ੍ਹਾਂ ਦਸਿਆ ਕਿ ਭਾਰਤੀ ਫ਼ੌਜ ਨੇ ਵੀ ਪਾਕਿਸਤਾਨ ਦੀ ਗੋਲੀਬਾਰੀ ਦਾ ਮੂੰਹ ਤੋੜ ਜਵਾਬ ਦਿਤਾ। ਇਸ ਦੌਰਾਨ ਸਿਪਾਹੀ ਰੋਹਿਨ ਕੁਮਾਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ, ਜੋ ਕਿ ਬਾਅਦ ਵਿਚ ਸ਼ਹੀਦ ਹੋ ਗਏ। ਉਨ੍ਹਾਂ ਨੇ ਕਿਹਾ ਕਿ ਸਿਪਾਹੀ ਰੋਹਿਨ ਕੁਮਾਰ ਇਕ ਬਹਾਦਰ ਜਵਾਨ ਸਨ। ਬੁਲਾਰੇ ਨੇ ਦਸਿਆ ਕਿਸ਼ਹੀਦ ਰੋਹਿਨ ਕੁਮਾਰ ਹਿਮਾਚਲ ਪ੍ਰਦੇਸ਼ ਦੇ ਨਿਵਾਸੀ ਸਨ।

ਦਸ ਦੇਈਏ ਕਿ ਸਿਪਾਹੀ ਰੋਹਿਨ ਕੁਮਾਰ, ਜੋ ਕਿ ਰਾਜੌਰੀ ਇਲਾਕੇ ਵਿਚ ਤਾਇਨਾਤ ਸੀ। ਕੰਟਰੋਲ ਲਾਈਨ ਨਾਲ ਲਗਦੇ ਹਿੱਸੇ 'ਚ ਇਸ ਘਟਨਾ ਤੋਂ ਬਾਅਦ ਹੁਣ ਤਣਾਅ ਦੇ ਹਾਲਾਤ ਬਣੇ ਹੋਏ ਹਨ ਅਤੇ ਫ਼ੌਜ ਦੇ ਜਵਾਨ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦੇ ਰਹੇ ਹਨ। ਕਿਸੇ ਅਤਿਵਾਦੀ ਘੁਸਪੈਠ ਦੀ ਸ਼ੰਕਾ ਦੇ ਮੱਦੇਨਜ਼ਰ ਫ਼ੌਜ ਨੇ ਕੰਟਰੋਲ ਲਾਈਨ ਅਤੇ ਸਰਹੱਦ 'ਤੇ ਅਲਰਟ ਵੀ ਜਾਰੀ ਕੀਤਾ ਹੈ। ਪਿਛਲੇ ਇਕ ਮਹੀਨੇ ਤੋਂ ਕਈ ਸੈਕਟਰਾਂ 'ਚ ਦਿਨ ਦੇ ਸਮੇਂ ਇਕ ਤੋਂ ਦੋ ਵਾਰ ਪਾਕਿਸਤਾਨ ਵਲੋਂ ਗੋਲੀਬਾਰੀ ਕੀਤੀ ਜਾ ਰਹੀ ਹੈ।

ਹਮੀਰਪੁਰ ਜ਼ਿਲ੍ਹਾ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਦਸਿਆ ਕਿ 25 ਸਾਲਾ ਕੁਮਾਰ ਦਾ ਇਸੇ ਸਾਲ ਦੋ ਮਹੀਨੇ ਬਾਅਦ ਨਵੰਬਰ 'ਚ ਵਿਆਹ ਹੋਣ ਵਾਲਾ ਸੀ। ਜ਼ਿਲ੍ਹਾ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦਾ ਅੰਤਿਮ ਸਸਕਾਰ ਪੂਰੇ ਸਨਮਾਨਾਂ ਨਾਲ ਕੀਤਾ ਜਾਵੇਗਾ। (ਪੀਟੀਆਈ)