132 ਦੇਸ਼ਾਂ ’ਚ ਫੈਲ ਚੁੱਕਾ ਹੈ ਜਾਨਲੇਵਾ ਡੈਲਟਾ ਵੇਰੀਐਂਟ, 29 ਦੇਸ਼ਾਂ ਵਿਚ ਹੈ ਆਕਸੀਜਨ ਦੀ ਕਿੱਲਤ :WHO

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਿਛਲੇ ਹਫ਼ਤੇ ਪੂਰੀ ਦੁਨੀਆਂ ਵਿਚ ਕੋਰੋਨਾ ਦੇ 40 ਲੱਖ ਨਵੇਂ ਮਾਮਲੇ ਸਾਹਮਣੇ ਆਏ

WHO

ਜਿਨੇਵਾ : ਜਾਨਲੇਵਾ ਡੈਲਟਾ ਵੇਰੀਐਂਟ ਦੁਨੀਆ ਦੇ ਲਗਭਗ 132 ਦੇਸ਼ਾਂ ਵਿਚ ਫੈਲ ਚੁੱਕਾ ਹੈ। ਇਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਤੇ ਰਿਪੋਰਟ ਵੀ ਹੋ ਰਹੇ ਹਨ। ਇਸ ਨੂੰ ਦੇਖਦੇ ਹੋਏ ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਵਿਸ਼ਵ ਸਿਹਤ ਸੰਗਠਨ ਅਪਣੀ ਗਹਿਰੀ ਚਿੰਤਾ ਪ੍ਰਗਟਾਈ ਹੈ। ਸੰਗਠਨ ਦਾ ਕਹਿਣਾ ਹੈ ਕਿ ਪੂਰੀ ਦੁਨੀਆਂ ਵਿਚ ਕੋਰੋਨਾ ਦੇ ਮਾਮਲਿਆਂ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ ਵਿਚ ਤੇਜ਼ੀ ਆ ਰਹੀ ਹੈ ਜੋ ਚਿੰਤਾ ਦਾ ਵਿਸ਼ਾ ਹੈ। ਡਬਲਿਊਐਚਓ ਮੁਤਾਬਕ ਪਿਛਲੇ ਹਫ਼ਤੇ ਪੂਰੀ ਦੁਨੀਆਂ ਵਿਚ ਕੋਰੋਨਾ ਦੇ 40 ਲੱਖ ਨਵੇਂ ਮਾਮਲੇ ਸਾਹਮਣੇ ਆਏ ਹਨ। ਸੰਗਠਨ ਵਲੋਂ ਇਹ ਵੀ ਕਿਹਾ ਗਿਆ ਹੈ ਕਿ ਜੇ ਇੰਜ ਹੀ ਚਲਦਾ ਰਿਹਾ ਤਾਂ ਆਉਣ ਵਾਲੇ ਦੋ ਹਫ਼ਤਿਆਂ ਵਿਚ ਕੋਰੋਨਾ ਲਾਗ ਦੇ ਕੁਲ ਮਾਮਲੇ 20 ਕਰੋੜ ਨੂੰ ਪਾਰ ਕਰ ਜਾਣਗੇ।

ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਦੇ ਡਾਇਰੈਕਟਰ-ਜਨਰਲ ਟੇਡਰੋਸ ਅਡਾਨੋਮ ਗੇਬਰੇਯੇਸੁਸ ਨੇ ਜਿਨੇਵਾ ਵਿਚ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਦਸਿਆ ਹੈ ਕਿ ਦੁਨੀਆਂ ਵਿਚ ਕੋਰੋਨਾ ਦੇ ਅਸਲ ਮਾਮਲੇ ਹੁਣ ਤਕ ਸਾਹਮਣੇ ਆਏ ਮਾਮਲਿਆਂ ਨਾਲੋਂ ਬਹੁਤ ਜ਼ਿਆਦਾ ਹੋ ਸਕਦੇ ਹਨ। ਉਸ ਨੇ ਅਪਣੇ ਬਿਆਨ ਨਾਲ ਇਹ ਸੰਕੇਤ ਦਿਤਾ ਹੈ ਕਿ ਬਹੁਤ ਸਾਰੇ ਦੇਸ਼ ਇਥੇ ਆਉਣ ਵਾਲੇ ਕੋਰੋਨਾ ਲਾਗ ਦੇ ਮਾਮਲਿਆਂ ਦੀ ਅਸਲ ਗਿਣਤੀ ਨਹੀਂ ਦਸ ਰਹੇ।

ਡਬਲਿਯੂਐਚਓ ਦੇ ਡਾਇਰੈਕਟਰ ਜਨਰਲ ਪਹਿਲਾਂ ਵੀ ਇਹ ਖਦਸ਼ਾ ਪ੍ਰਗਟਾਅ ਚੁੱਕੇ ਹਨ। ਉਨ੍ਹਾਂ ਅਨੁਸਾਰ, ਸੰਗਠਨ ਦੇ ਛੇ ਵਿਚੋਂ ਪੰਜ ਖੇਤਰ ਅਜਿਹੇ ਹਨ ਜਿਥੇ ਕੋਰੋਨਾ ਲਾਗ ਦੇ ਮਾਮਲਿਆਂ ਵਿਚ ਔਸਤਨ 80 ਪ੍ਰਤੀਸਤ ਦਾ ਵਾਧਾ ਹੋਇਆ ਹੈ। ਪਿਛਲੇ ਚਾਰ ਹਫ਼ਤਿਆਂ ਵਿਚ ਇਹ ਦੁਗਣਾ ਹੋ ਗਿਆ ਹੈ। ਇਸ ਸਮੇਂ ਦੌਰਾਨ, ਅਫ਼ਰੀਕਾ ਵਿਚ ਕੋਰੋਨਾ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਵਿਚ ਲਗਭਗ 80 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ। ਡਾਕਟਰ ਟੇਡਰੋਸ ਨੇ ਡੈਲਟਾ ਰੂਪ ਨੂੰ ਕੋਰੋਨਾ ਦੇ ਮਾਮਲਿਆਂ ਵਿੱਚ ਵਾਧੇ ਦਾ ਕਾਰਨ ਮੰਨਿਆ ਹੈ।

ਉਨ੍ਹਾਂ ਕਿਹਾ ਕਿ ਸੰਗਠਨ ਦੇ ਮਾਹਰ ਅਪਣੇ ਸਾਥੀਆਂ ਨਾਲ ਇਸ ਰੂਪ ਦੇ ਤੇਜ਼ੀ ਨਾਲ ਫੈਲਣ ਦੇ ਕਾਰਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ। ਸੰਗਠਨ ਨੇ ਇਸ ਸਬੰਧੀ ਚਿਤਾਵਨੀ ਵੀ ਜਾਰੀ ਕੀਤੀ ਹੈ। ਇਹ ਕਹਿੰਦਾ ਹੈ ਕਿ ਕੋਵਿਡ -19 ਵਾਇਰਸ ਲਗਾਤਾਰ ਅਪਣਾ ਰੂਪ ਬਦਲ ਰਿਹਾ ਹੈ। ਸੰਗਠਨ ਅਨੁਸਾਰ, ਚਾਰ ਅਜਿਹੇ ਰੂਪ ਸਾਹਮਣੇ ਆਏ ਹਨ ਜੋ ਹਰ ਕਿਸੇ ਲਈ ਚਿੰਤਾ ਦਾ ਕਾਰਨ ਹਨ। ਸੰਗਠਨ ਦੀ ਤਰਫ਼ੋਂ ਇਹ ਵੀ ਕਿਹਾ ਗਿਆ ਹੈ ਕਿ ਜਦੋਂ ਤਕ ਵਾਇਰਸ ਦੇ ਫੈਲਣ ਦੇ ਪ੍ਰਭਾਵ ਨੂੰ ਰੋਕਿਆ ਨਹੀਂ ਜਾਂਦਾ, ਇਸ ਦੇ ਰੂਪ ਵੀ ਦਿਖਾਈ ਦਿੰਦੇ ਰਹਿਣਗੇ।