ਸਿੱਧੂ ਮੂਸੇਵਾਲਾ ਕਤਲ ਮਾਮਲਾ: ਰਾਜਸਥਾਨ ਦੇ ਹਿਸਟਰੀ ਸ਼ੀਟਰ ਅਰਸ਼ਦ ਖਾਨ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਪੰਜਾਬ
6 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
ਰਾਜਸਥਾਨ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੀਆਂ ਤਾਰਾਂ ਰਾਜਸਥਾਨ ਦੇ ਚੁਰੂ ਜ਼ਿਲ੍ਹੇ ਨਾਲ ਵੀ ਜੁੜ ਗਈਆਂ ਹਨ। ਸੋਮਵਾਰ ਨੂੰ ਪੰਜਾਬ ਦੇ ਮਾਨਸਾ ਥਾਣੇ ਦੀ ਪੁਲਿਸ ਇਸ ਮਾਮਲੇ ਨੂੰ ਲੈ ਕੇ ਚੁਰੂ ਪਹੁੰਚੀ। ਪੰਜਾਬ ਪੁਲਿਸ ਨੇ ਹਿਸਟਰੀ ਸ਼ੀਟਰ ਅਰਸ਼ਦ ਖਾਨ ਨੂੰ ਚੁਰੂ ਸੈਂਟਰਲ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਗ੍ਰਿਫਤਾਰ ਕੀਤਾ ਹੈ। ਇਹ ਕਾਰਵਾਈ ਥਾਣਾ ਮਾਨਸਾ ਦੇ ਸੀਆਈ ਜੋਗਿੰਦਰਪਾਲ ਸਿੰਘ ਦੀ ਅਗਵਾਈ ਹੇਠ ਕੀਤੀ ਗਈ। ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਅਰਸ਼ਦ ਦੀ ਭੂਮਿਕਾ ਨੂੰ ਸ਼ੱਕੀ ਮੰਨਿਆ ਜਾ ਰਿਹਾ ਹੈ। ਸਰਦਾਰਸ਼ਹਿਰ ਦਾ ਰਹਿਣ ਵਾਲਾ ਅਰਸ਼ਦ ਹਿਸਟਰੀ ਸ਼ੂਟਰ ਹੈ। ਉਸ ਵਿਰੁੱਧ ਫਿਰਕੂ ਘਟਨਾਵਾਂ ਦੇ ਨਾਲ-ਨਾਲ ਦਰਜਨ ਦੇ ਕਰੀਬ ਕੇਸ ਦਰਜ ਹਨ।
ਅਰਸ਼ਦ ਖਾਨ ਦੀ ਹਿਸਟਰੀ ਸ਼ੀਟ ਮਈ 2022 ਵਿਚ ਖੋਲ੍ਹੀ ਗਈ ਸੀ। ਅਰਸ਼ਦ ਨੂੰ ਸਖ਼ਤ ਸੁਰੱਖਿਆ ਹੇਠ ਆਪਣੇ ਨਾਲ ਸੀਆਈ ਜੋਗਿੰਦਰਪਾਲ ਸਿੰਘ, ਸਬ-ਇੰਸਪੈਕਟਰ ਦਲੀਪ ਸਿੰਘ, ਏਐਸਆਈ ਪਾਲ ਸਿੰਘ, ਅਮਰਜੀਤ ਸਿੰਘ ਅਤੇ ਪੰਜਾਬ ਦੇ ਮਾਨਸਾ ਥਾਣੇ ਦੇ ਹੈੱਡ ਕਾਂਸਟੇਬਲ ਮਨਜੀਤ ਸਿੰਘ ਸਮੇਤ ਚੁਰੂ ਜ਼ਿਲ੍ਹਾ ਜੇਲ੍ਹ ਵਿਚ ਲਿਜਾਇਆ ਗਿਆ। ਹਾਲਾਂਕਿ ਇਸ ਮਾਮਲੇ 'ਚ ਪੁਲਿਸ ਸਿੱਧੇ ਤੌਰ 'ਤੇ ਕੁਝ ਵੀ ਦੱਸਣ ਤੋਂ ਪਾਸਾ ਵੱਟ ਰਹੀ ਹੈ। ਪੁਲਿਸ ਸੂਤਰਾਂ ਦੀ ਮੰਨੀਏ ਤਾਂ ਮੂਸੇਵਾਲਾ ਕਤਲ ਕਾਂਡ ਵਿੱਚ ਵਰਤੀ ਗਈ ਬੋਲੈਰੋ ਗੱਡੀ ਵੀ ਮੁਲਜ਼ਮ ਅਰਸ਼ਦ ਖਾਨ ਨਾਲ ਸਬੰਧਤ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਅਰਸ਼ਦ ਖਾਨ ਨੂੰ 6 ਦਿਨ ਦੇ ਪੁਲਿਸ ਰਿਮਾਂਡ 'ਤੇ ਵੀ ਭੇਜ ਦਿੱਤਾ ਗਿਆ ਹੈ।