ADGP ਮਮਤਾ ਸਿੰਘ ਨੇ ਦਿਤੀ ਬਹਾਦਰੀ ਦੀ ਮਿਸਾਲ, ਨੂਹ ਹਿੰਸਾ ਦੌਰਾਨ ਬਚਾਈ ਕਰੀਬ ਢਾਈ ਹਜ਼ਾਰ ਲੋਕਾਂ ਦੀ ਜਾਨ
IPS ਮਮਤਾ ਸਿੰਘ ਨੂੰ ਬਹਾਦਰੀ ਲਈ 2022 'ਚ ਰਾਸ਼ਟਰਪਤੀ ਮੈਡਲ ਨਾਲ ਕੀਤਾ ਜਾ ਚੁੱਕਿਆ ਹੈ ਸਨਮਾਨਿਤ
ਹਰਿਆਣਾ : ਨੂਹ 'ਚ ਹਿੰਸਾ ਦੌਰਾਨ ਸੋਮਵਾਰ ਦੁਪਹਿਰ 1 ਵਜੇ ਦੇ ਕਰੀਬ ਢਾਈ ਹਜ਼ਾਰ ਸ਼ਰਧਾਲੂ ਨਲਹਾਰ ਦੇ ਸ਼ਿਵ ਮੰਦਰ 'ਚ ਫਸ ਗਏ। ਉਨ੍ਹਾਂ ਵਿਚ ਬਹੁਤ ਸਾਰੀਆਂ ਔਰਤਾਂ ਅਤੇ ਬੱਚੇ ਸ਼ਾਮਲ ਸਨ। ਮੰਦਰ ਦੇ ਚਾਰੇ ਪਾਸਿਉਂ ਗੋਲੀਆਂ ਚੱਲ ਰਹੀਆਂ ਸਨ। ਅੰਦਰ ਫਸੇ ਲੋਕਾਂ ਲਈ ਬਾਹਰ ਨਿਕਲਣਾ ਬਹੁਤ ਮੁਸ਼ਕਲ ਸੀ। ਲੋਕਾਂ ਵਿਚ ਸਹਿਮ ਦਾ ਮਾਹੌਲ ਸੀ ਜਦੋਂ ਸ਼ਾਮ 4 ਵਜੇ ਦੇ ਕਰੀਬ ਏਡੀਜੀਪੀ (ਲਾਅ ਐਂਡ ਆਰਡਰ) ਮਮਤਾ ਸਿੰਘ ਮੰਦਰ ਪਹੁੰਚੇ ਤਾਂ ਲੋਕਾਂ ਦੀ ਜਾਨ ਵਿੱਚ ਜਾਨ ਆਈ।
ਮਮਤਾ ਸਿੰਘ ਨੇ ਦਸਿਆ ਕਿ ਉਸ ਨੇ ਸਭ ਤੋਂ ਪਹਿਲਾਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦਾ ਭਰੋਸਾ ਦੇ ਕੇ ਸ਼ਾਂਤ ਕੀਤਾ। ਆਈ.ਪੀ.ਐਸ. ਮਮਤਾ ਸਿੰਘ ਦੇ ਨਾਲ ਏ.ਡੀ.ਜੀ.ਪੀ. ਸਾਊਥ ਰੇਂਜ ਅਤੇ ਆਈ.ਪੀ.ਐਸ. ਰਵੀ ਕਿਰਨ ਅਤੇ ਹੋਰ ਅਧਿਕਾਰੀ ਮੌਜੂਦ ਸਨ। ਉਨ੍ਹਾਂ ਦੀ ਯੋਜਨਾਬੱਧ ਤਰੀਕੇ ਨਾਲ ਮੰਦਰ ਵਿਚ ਫਸੇ ਲੋਕਾਂ ਨੂੰ ਬਾਹਰ ਕਢਿਆ। ਪੁਲਿਸ ਅਧਿਕਾਰੀਆਂ ਵਲੋਂ ਪਹਿਲਾਂ ਸਥਿਤੀ ਸਧਾਰਨ ਹੋਣ ਦਾ ਇੰਤਜ਼ਾਰ ਕੀਤਾ ਪਰ ਹਾਲਾਤ ਵਿਗੜਦੇ ਵੇਖ ਕੇ ਤੁਰਤ ਫ਼ੈਸਲਾ ਲਿਆ ਗਿਆ ਕਿ ਲੋਕਾਂ ਨੂੰ ਧੜਿਆਂ 'ਚ ਵੰਡ ਕੇ ਕਵਰ ਫਾਇਰਿੰਗ ਕਰ ਕੇ ਬਾਹਰ ਕੱਢਿਆ ਜਾਵੇ।
ਪੁਲਿਸ ਦੀ ਇਕ ਟੀਮ ਨੇ ਕਵਰ ਫਾਇਰਿੰਗ ਕੀਤੀ ਅਤੇ ਦੂਜੀ ਟੀਮ ਨੇ ਲੋਕਾਂ ਨੂੰ ਸੁਰੱਖਿਅਤ ਮੰਦਰ ਵਿਚੋਂ ਬਾਹਰ ਕੱਢ ਕੇ ਕਾਰ ਵਿਚ ਬਿਠਾਇਆ। ਜਦੋਂ ਪੁਲਿਸ ਦੀਆਂ ਗੱਡੀਆਂ ਵਿਚ ਲੋਕਾਂ ਨੂੰ ਲਿਜਾਇਆ ਜਾ ਰਿਹਾ ਸੀ ਤਾਂ ਪੁਲਿਸ ਦੀ ਇਕ ਟੁਕੜੀ ਵੀ ਨਾਲ ਚੱਲ ਰਹੀ ਸੀ। ਆਈ.ਪੀ.ਐਸ. ਮਮਤਾ ਸਿੰਘ ਦਾ ਕਹਿਣਾ ਹੈ ਕਿ ਕਿ ਢਾਈ ਹਜ਼ਾਰ ਲੋਕਾਂ ਨੂੰ ਕੱਢਣ ਲਈ ਕਰੀਬ ਦੋ ਘੰਟੇ ਲੱਗੇ।
ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਮਮਤਾ ਸਿੰਘ ਦੀ ਕਾਫੀ ਤਾਰੀਫ ਹੋ ਰਹੀ ਹੈ। ਗ੍ਰਹਿ ਮੰਤਰੀ ਅਨਿਲ ਵਿਜ ਨੇ ਵੀ ਤਾਰੀਫ ਕੀਤੀ ਹੈ। ਮੰਦਰ 'ਚੋਂ ਬਾਹਰ ਆਈਆਂ ਔਰਤਾਂ ਨੇ ਵੀ ਪੁਲਿਸ ਵਾਲਿਆਂ ਦਾ ਧਨਵਾਦ ਕੀਤਾ। ਦਸ ਦੇਈਏ ਕਿ ਆਈ.ਪੀ.ਐਸ. ਮਮਤਾ ਸਿੰਘ ਇਸ ਤੋਂ ਪਹਿਲਾਂ ਵੀ ਕਈ ਮੌਕਿਆਂ 'ਤੇ ਅਪਣੀ ਬਹਾਦਰੀ ਦਾ ਪ੍ਰਦਰਸ਼ਨ ਕਰ ਚੁੱਕੇ ਹਨ। ਉਨ੍ਹਾਂ ਨੂੰ ਸ਼ਾਨਦਾਰ ਪੁਲਿਸ ਸੇਵਾਵਾਂ ਲਈ ਸਾਲ 2022 ਵਿਚ ਰਾਸ਼ਟਰਪਤੀ ਮੈਡਲ ਮਿਲਿਆ ਸੀ।
ਏ.ਡੀ.ਜੀ.ਪੀ.(ਲਾਅ ਐਂਡ ਆਰਡਰ) ਮਮਤਾ ਸਿੰਘ ਦਾ ਕਹਿਣਾ ਹੈ ਕਿ ਮੈਂ ਸਿਰਫ਼ ਅਪਣਾ ਫ਼ਰਜ਼ ਨਿਭਾਇਆ ਹੈ। ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣਾ ਮੇਰੀ ਅਤੇ ਟੀਮ ਦੀ ਜ਼ਿੰਮੇਵਾਰੀ ਸੀ। ਜਦੋਂ ਤਕ ਪੁਲਿਸ ਫੋਰਸ ਪਹੁੰਚੀ, ਉਸ ਸਮੇਂ ਵੀ ਗੋਲੀਬਾਰੀ ਅਤੇ ਪਥਰਾਅ ਜਾਰੀ ਸੀ। ਡੇਢ ਤੋਂ ਦੋ ਘੰਟੇ ਵਿਚ ਸਾਰੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।