Air India cancels flights: ਏਅਰ ਇੰਡੀਆ ਨੇ ਇਜ਼ਰਾਈਲ ਜਾਣ ਵਾਲੀਆਂ ਉਡਾਣਾਂ 'ਤੇ ਲਗਾਈ ਰੋਕ , ਜਾਣੋਂ ਪੂਰਾ ਮਾਮਲਾ
ਮਿਡਲ ਈਸਟ 'ਚ ਤਣਾਅ ਦੇ ਮੱਦੇਨਜ਼ਰ ਲਿਆ ਫੈਸਲਾ
Air India cancels flights : ਇਜ਼ਰਾਈਲ ਸਮੇਤ ਮੱਧ ਪੂਰਬ ਦੇ ਦੇਸ਼ਾਂ 'ਚ ਤਣਾਅ ਦੇ ਮੱਦੇਨਜ਼ਰ ਏਅਰ ਇੰਡੀਆ ਨੇ 8 ਅਗਸਤ ਤੱਕ ਤੇਲ ਅਵੀਵ ਜਾਣ ਵਾਲੀਆਂ ਉਡਾਣਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਈਰਾਨ ਦੀ ਰਾਜਧਾਨੀ ਤਹਿਰਾਨ 'ਚ ਹਾਲ ਹੀ 'ਚ ਹਮਾਸ ਦੇ ਸੀਨੀਅਰ ਨੇਤਾ ਦੀ ਹੱਤਿਆ ਤੋਂ ਬਾਅਦ ਮੱਧ ਪੂਰਬ ਦੇ ਦੇਸ਼ਾਂ 'ਚ ਤਣਾਅ ਦੀ ਸਥਿਤੀ ਬਣੀ ਹੋਈ ਹੈ।
ਈਰਾਨ ਦਾ ਇਲਜ਼ਾਮ ਹੈ ਕਿ ਇਸ ਕਤਲ ਵਿੱਚ ਇਜ਼ਰਾਈਲ ਦਾ ਹੱਥ ਹੈ। ਉਸ ਨੇ ਬਦਲਾ ਲੈਣ ਦਾ ਐਲਾਨ ਕੀਤਾ ਹੈ। ਇਸ ਕਾਰਨ ਈਰਾਨ ਤੋਂ ਲੈ ਕੇ ਇਜ਼ਰਾਈਲ ਅਤੇ ਮੱਧ ਪੂਰਬ ਦੇ ਹੋਰ ਦੇਸ਼ਾਂ ਤੱਕ ਜੰਗ ਦੀ ਸਥਿਤੀ ਪੈਦਾ ਹੋ ਗਈ ਹੈ।
ਈਰਾਨ ਅਤੇ ਇਜ਼ਰਾਈਲ ਵਿਚਾਲੇ ਟਕਰਾਅ ਦੀ ਸਥਿਤੀ ਬਣੀ ਹੋਈ ਹੈ, ਜਿਸ ਕਾਰਨ ਏਅਰ ਇੰਡੀਆ ਨੇ ਵੱਡਾ ਫੈਸਲਾ ਲਿਆ ਹੈ। ਏਅਰ ਇੰਡੀਆ ਨੇ ਤੁਰੰਤ ਪ੍ਰਭਾਵ ਨਾਲ ਨਵੀਂ ਦਿੱਲੀ ਤੋਂ ਤੇਲ-ਅਵੀਵ ਜਾਣ ਵਾਲੀਆਂ ਆਪਣੀਆਂ ਸਾਰੀਆਂ ਉਡਾਣਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਕਾਰਨ ਕਈ ਯਾਤਰੀਆਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਤੋਂ ਪਹਿਲਾਂ ਲੇਬਨਾਨ ਦੀ ਰਾਜਧਾਨੀ ਬੇਰੂਤ ਵਿੱਚ ਭਾਰਤੀ ਦੂਤਘਰ ਨੇ ਵੀਰਵਾਰ ਨੂੰ ਭਾਰਤੀ ਨਾਗਰਿਕਾਂ ਨੂੰ ਅਗਲੇ ਹੁਕਮਾਂ ਤੱਕ ਇਸ ਪੱਛਮੀ ਏਸ਼ੀਆਈ ਦੇਸ਼ ਦੀ ਯਾਤਰਾ ਨਾ ਕਰਨ ਅਤੇ ਇਜ਼ਰਾਈਲ ਅਤੇ ਕੱਟੜਪੰਥੀ ਸਮੂਹ ਹਿਜ਼ਬੁੱਲਾ ਦਰਮਿਆਨ ਵਧਦੇ ਤਣਾਅ ਦੇ ਮੱਦੇਨਜ਼ਰ ਦੇਸ਼ ਛੱਡਣ ਲਈ “ਸਖਤ ਸਲਾਹ” ਦਿੱਤੀ ਸੀ।
ਪਿਛਲੇ ਸਾਲ 8 ਅਕਤੂਬਰ ਤੋਂ ਇਜ਼ਰਾਈਲ-ਲੇਬਨਾਨ ਸਰਹੱਦ 'ਤੇ ਇਜ਼ਰਾਇਲੀ ਫੌਜਾਂ ਅਤੇ ਹਿਜ਼ਬੁੱਲਾ ਵਿਚਾਲੇ ਸੰਘਰਸ਼ ਚੱਲ ਰਿਹਾ ਹੈ। ਇਜ਼ਰਾਈਲ ਨੇ ਮੰਗਲਵਾਰ ਨੂੰ ਦੱਖਣੀ ਬੇਰੂਤ 'ਚ ਹਿਜ਼ਬੁੱਲਾ ਦੇ ਚੋਟੀ ਦੇ ਫੌਜੀ ਕਮਾਂਡਰ ਫੌਦ ਸ਼ੁਕੁਰ ਨੂੰ ਨਿਸ਼ਾਨਾ ਬਣਾਇਆ। ਬਾਅਦ ਵਿੱਚ ਇਜ਼ਰਾਈਲ ਨੇ ਪੁਸ਼ਟੀ ਕੀਤੀ ਕਿ ਉਸਨੇ ਸ਼ੁਕੁਰ ਨੂੰ ਮਾਰ ਗਿਰਾਇਆ ਹੈ। ਇਜ਼ਰਾਈਲ ਦਾ ਦਾਅਵਾ ਹੈ ਕਿ ਉਸ ਦੇ ਕਬਜ਼ੇ ਵਾਲੇ ਗੋਲਾਨ ਹਾਈਟਸ ਖੇਤਰ ਵਿੱਚ ਵੀਕਐਂਡ ਰਾਕੇਟ ਨਾਲ ਕੀਤੇ ਗਏ ਹਮਲੇ ਵਿੱਚ ਸ਼ੁਕੁਰ ਦਾ ਹੱਥ ਸੀ ,ਜਿਸ ਵਿੱਚ 12 ਨੌਜਵਾਨਾਂ ਦੀ ਮੌਤ ਹੋ ਗਈ ਸੀ।