Delhi Shelter Home News : ਦਿੱਲੀ ਦੇ ਸ਼ੈਲਟਰ ਹੋਮ 'ਚ ਕਰੀਬ 20 ਦਿਨਾਂ 'ਚ 13 ਬੱਚਿਆਂ ਦੀ ਮੌਤ, ਸਰਕਾਰ ਨੇ ਦਿੱਤੇ ਜਾਂਚ ਦੇ ਹੁਕਮ
ਬੱਚਿਆਂ ਦੀ ਮੌਤ ਬਾਰੇ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਕੁਪੋਸ਼ਣ ਅਤੇ ਸਿਹਤ ਸਬੰਧੀ ਸਮੱਸਿਆਵਾਂ ਕਾਰਨ ਹੋਈ ਹੈ
Delhi Shelter Home News : ਦਿੱਲੀ ਸਰਕਾਰ ਦੇ ਆਸ਼ਾ ਕਿਰਨ ਸ਼ੈਲਟਰ ਹੋਮ ਵਿੱਚ 20 ਦਿਨਾਂ ਵਿੱਚ 13 ਬੱਚਿਆਂ ਦੀ ਮੌਤ ਹੋ ਗਈ ਹੈ। ਬੱਚਿਆਂ ਦੀ ਮੌਤ ਨੂੰ ਲੈ ਕੇ ਤੱਥ ਖੋਜ ਟੀਮ ਦਾ ਗਠਨ ਕੀਤਾ ਗਿਆ ਹੈ। ਦਿੱਲੀ ਸਰਕਾਰ ਦੀ ਮੰਤਰੀ ਆਤਿਸ਼ੀ ਨੇ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ।
ਦਿੱਲੀ ਦੇ ਰੋਹਿਣੀ ਇਲਾਕੇ ਵਿੱਚ ਦਿੱਲੀ ਸਰਕਾਰ ਦਾ ਆਸ਼ਾ ਕਿਰਨ ਸ਼ੈਲਟਰ ਹੋਮ ਹੈ। ਜਿੱਥੇ ਸਿਰਫ 20 ਦਿਨਾਂ ਦੇ ਅੰਦਰ 13 ਬੱਚਿਆਂ ਦੀ ਮੌਤ ਹੋ ਗਈ ਹੈ। ਇਸ ਬਾਰੇ ਆਤਿਸ਼ੀ ਨੇ ਕਿਹਾ ਕਿ ਉਨ੍ਹਾਂ ਨੂੰ ਮੀਡੀਆ ਰਿਪੋਰਟਾਂ ਤੋਂ ਸੂਚਨਾ ਮਿਲੀ ਹੈ ਕਿ ਦਿੱਲੀ ਦੇ ਰੋਹਿਣੀ ਵਿੱਚ ਆਸ਼ਾ ਕਿਰਨ ਸ਼ੈਲਟਰ ਹੋਮ ਵਿੱਚ 13 ਬੱਚਿਆਂ ਦੀ ਮੌਤ ਹੋ ਗਈ ਹੈ। ਬੱਚਿਆਂ ਦੀ ਮੌਤ ਬਾਰੇ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਕੁਪੋਸ਼ਣ ਅਤੇ ਸਿਹਤ ਸਬੰਧੀ ਸਮੱਸਿਆਵਾਂ ਕਾਰਨ ਹੋਈ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਬੱਚਿਆਂ ਨੂੰ ਸਹੀ ਸਹੂਲਤਾਂ ਨਹੀਂ ਮਿਲ ਰਹੀਆਂ।
ਇਸ ਦੇ ਨਾਲ ਹੀ ਆਤਿਸ਼ੀ ਨੇ ਕਿਹਾ ਕਿ ਇਹ ਖਬਰ ਬਹੁਤ ਹੈਰਾਨ ਕਰਨ ਵਾਲੀ ਹੈ ਕਿਉਂਕਿ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ ਪਰ ਜੇਕਰ ਇਹ ਘਟਨਾ ਸੱਚ ਹੈ ਤਾਂ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹ ਇੱਕ ਗੰਭੀਰ ਮੁੱਦਾ ਹੈ। ਇਸ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਆਤਿਸ਼ੀ ਨੇ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮੈਜਿਸਟਰੇਟ ਨੂੰ ਜਾਂਚ ਸ਼ੁਰੂ ਕਰਨ ਦੇ 48 ਘੰਟਿਆਂ ਅੰਦਰ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ, ਜੋ ਵੀ ਦੋਸ਼ੀ ਪਾਇਆ ਗਿਆ ,ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਸ਼ੈਲਟਰ ਹੋਮ 'ਚ ਬੱਚਿਆਂ ਦੀ ਮੌਤ ਦੇ ਸਬੰਧ 'ਚ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਕਿਹਾ ਕਿ ਰੋਹਿਣੀ ਸਥਿਤ ਆਸ਼ਾ ਕਿਰਨ ਸ਼ੈਲਟਰ ਹੋਮ ਦੀ ਜਾਂਚ ਲਈ ਤੱਥ ਖੋਜ ਟੀਮ ਭੇਜੀ ਜਾ ਰਹੀ ਹੈ। ਇਹ ਟੀਮ ਸ਼ੈਲਟਰ ਹੋਮ ਨਾਲ ਜੁੜੇ ਸਾਰੇ ਅਧਿਕਾਰੀਆਂ ਅਤੇ ਲੋਕਾਂ ਨਾਲ ਮੁਲਾਕਾਤ ਕਰੇਗੀ ਅਤੇ ਬੱਚਿਆਂ ਦੀ ਮੌਤ ਦਾ ਪਤਾ ਲਗਾਉਣ ਦੀ ਕੋਸ਼ਿਸ਼ ਵੀ ਕਰੇਗੀ।