ਜਨਮਦਿਨ ਪਾਰਟੀ 'ਚ ਨੱਚਣ ਦੌਰਾਨ ਝਗੜਾ, ਦੋ ਮੰਜ਼ਿਲਾ ਇਮਾਰਤ ਤੋਂ ਸੁੱਟਿਆ ਨੌਜਵਾਨ 

ਏਜੰਸੀ

ਖ਼ਬਰਾਂ, ਰਾਸ਼ਟਰੀ

ਜ਼ਖ਼ਮੀ ਨੌਜਵਾਨ ਦੀ ਇਲਾਜ ਦੌਰਾਨ ਮੌਤ 

Argument

 

ਛੱਤੀਸਗੜ੍ਹ: ਜ਼ਿਲ੍ਹਾ ਜਾਂਜਗੀਰ-ਚੰਪਾ ਵਿਖੇ ਜਨਮ ਦਿਨ ਦੀ ਪਾਰਟੀ ਦੌਰਾਨ ਇਕ ਨੌਜਵਾਨ ਨੂੰ ਛੱਤ ਤੋਂ ਹੇਠਾਂ ਸੁੱਟ ਕੇ ਕਤਲ ਕਰ ਦੇਣ ਦੀ ਖ਼ਬਰ ਸਾਹਮਣੇ ਆਈ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਅੱਠ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮ੍ਰਿਤਕ ਦਾ ਨਾਂਅ ਕਮਲੇਸ਼ਵਰ ਦੇਵਾਂਗਨ ਦੱਸਿਆ ਗਿਆ ਹੈ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਕਮਲੇਸ਼ਵਰ ਦੇਵਾਂਗਨ ਆਪਣੇ ਦੋਸਤ ਬਿੰਨੀ ਦੇਵਾਂਗਨ ਦੇ ਜਨਮ ਦਿਨ ਸਮਾਗਮ ਵਿੱਚ ਸ਼ਾਮਲ ਹੋਣ ਲਈ ਧਰਮਸ਼ਾਲਾ ਗਿਆ ਸੀ। ਸਮਾਗਮ ਵਿੱਚ ਕੁਝ ਔਰਤਾਂ ਵੀ ਮੌਜੂਦ ਸਨ। ਜਦੋਂ ਸਾਰੇ ਉੱਥੇ ਨੱਚ ਰਹੇ ਸਨ ਤਾਂ ਦੋ ਦੋਸ਼ੀ ਕਿਰਨ ਸਾਰਥੀ ਅਤੇ ਮਨੀਸ਼ ਸਾਰਥੀ ਜ਼ਬਰਦਸਤੀ ਘਟਨਾ ਵਾਲੀ ਥਾਂ 'ਤੇ ਦਾਖਲ ਹੋਏ ਅਤੇ ਇਕੱਠ ਵਿੱਚ ਨੱਚਣ ਲੱਗੇ।

ਜਦੋਂ ਕਮਲੇਸ਼ਵਰ ਅਤੇ ਕੁਝ ਹੋਰਾਂ ਨੇ ਦੋਵਾਂ ਦੋਸ਼ੀਆਂ ਨੂੰ ਜਾਣ ਲਈ ਕਿਹਾ ਤਾਂ ਉਹਨਾਂ ਦਾ ਆਪਸ ਵਿੱਚ ਝਗੜਾ ਹੋ ਗਿਆ। ਬਾਅਦ 'ਚ ਦੋਸ਼ੀਆਂ ਨੇ ਆਪਣੇ ਛੇ ਹੋਰ ਸਾਥੀਆਂ ਨੂੰ ਘਟਨਾ ਵਾਲੀ ਥਾਂ 'ਤੇ ਬੁਲਾਇਆ ਅਤੇ ਸਾਰਿਆਂ ਨੇ ਮਿਲ ਕੇ ਕਮਲੇਸ਼ਵਰ ਅਤੇ ਉਸ ਦੇ ਦੋਸਤਾਂ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਜਦੋਂ ਕਮਲੇਸ਼ਵਰ ਉਨ੍ਹਾਂ ਤੋਂ ਬਚਣ ਲਈ ਛੱਤ ਵੱਲ ਭੱਜਿਆ, ਤਾਂ ਦੋਸ਼ੀਆਂ ਨੇ ਉਸ ਦਾ ਪਿੱਛਾ ਕੀਤਾ ਅਤੇ ਫ਼ੜ ਕੇ ਕਮਲੇਸ਼ਵਰ ਨੂੰ ਦੋ ਮੰਜ਼ਿਲਾ ਇਮਾਰਤ ਦੀ ਛੱਤ ਤੋਂ ਹੇਠਾਂ ਸੁੱਟ ਦਿੱਤਾ। ਛੱਤ ਤੋਂ ਡਿੱਗਣ ਨਾਲ ਕਮਲੇਸ਼ਵਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ।

ਕਮਲੇਸ਼ਵਰ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਦੇ ਦੋਸਤ ਉਸ ਨੂੰ ਸਥਾਨਕ ਹਸਪਤਾਲ ਲੈ ਗਏ, ਜਿੱਥੋਂ ਉਸ ਨੂੰ ਬਿਲਾਸਪੁਰ ਦੇ ਅਪੋਲੋ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਕਿ ਇਲਾਜ ਦੌਰਾਨ ਕਮਲੇਸ਼ਵਰ ਦੀ ਮੌਤ ਹੋ ਗਈ। ਕਮਲੇਸ਼ਵਰ ਦੇ ਦੋਸਤਾਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਮਨੀਸ਼, ਕਿਰਨ ਅਤੇ 6 ਹੋਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਮਲੇ ਦੀ ਅਗਲੀ ਕਾਰਵਾਈ ਜਾਰੀ ਹੈ।