ਪੰਜਾਬ ਦੀ ਧੀ ਨੂੰ ਯੂਨੀਵਰਸਿਟੀ ਆਫ਼ ਟੋਰਾਂਟੋ ਤੋਂ ਮਿਲੀ 1 ਕਰੋੜ ਤੋਂ ਵੱਧ ਦੀ ਸਕਾਲਿਰਸ਼ਿਪ
ਲੁਧਿਆਣਾ ਸ਼ਹਿਰ ਦੀ ਰਹਿਣ ਵਾਲੀ ਹੈ ਰੂਹਬਾਨੀ ਕੌਰ
ਲੁਧਿਆਣਾ : ਕੈਨੇਡਾ ਦੇ ਟੋਰਾਂਟੋ ਵਿਖੇ ਰਹਿਣ ਵਾਲੀ ਪੰਜਾਬ ਦੀ ਧੀ ਨੇ ਪੜ੍ਹਾਈ ਵਿੱਚ ਪੰਜਾਬ ਦਾ ਮਾਣ ਵਧਾਇਆ ਹੈ। ਬੀ.ਸੀ.ਐਮ. ਆਰੀਆ ਮਾਡਲ ਸਕੂਲ ਤੋਂ ਹਿਊਮੈਨਟੀਜ਼ ਵਿੱਚ 12ਵੀਂ ਜਮਾਤ ਪਾਸ ਕਰਨ ਵਾਲੀ ਰੂਹਬਾਨੀ ਕੌਰ ਨੂੰ ਟੋਰਾਂਟੋ ਯੂਨੀਵਰਸਿਟੀ ਤੋਂ 1.11 ਕਰੋੜ ਰੁਪਏ ਦਾ ਇੰਟਰਨੈਸ਼ਨਲ ਸਕਾਲਰ ਐਵਾਰਡ ਮਿਲਿਆ ਹੈ। ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਵੱਲੋਂ ਇਹ ਐਵਾਰਡ ਉਨ੍ਹਾਂ ਦੀਆਂ ਪਾਠਕ੍ਰਮ ਤੋਂ ਬਾਹਰੀ ਗਤੀਵਿਧੀਆਂ ਦੇ ਨਾਲ-ਨਾਲ ਉਨ੍ਹਾਂ ਦੇ ਗ੍ਰੇਡ ਦੀ ਮਾਨਤਾ ਦੇ ਆਧਾਰ ‘ਤੇ ਅਪਲਾਈ ਕਰਨ ਵਾਲੇ ਅਸਧਾਰਨ ਵਿਦਿਆਰਥੀਆਂ ਨੂੰ ਦਿੱਤਾ ਜਾਂਦਾ ਹੈ।
ਰੂਹਬਾਨੀ ਕੌਰ ਨੇ ਆਪਣੀ 12ਵੀਂ ਆਰਟਸ ਸਟਰੀਮ ਵਿਚੋਂ 96.2% ਅੰਕ ਪ੍ਰਾਪਤ ਕੀਤੇ ਅਤੇ 11ਵੀਂ ਅਤੇ 12ਵੀਂ ਜਮਾਤ ਵਿੱਚ ਆਪਣੇ ਵਾਧੂ ਪਾਠਕ੍ਰਮ ‘ਤੇ ਧਿਆਨ ਕੇਂਦਰਿਤ ਕੀਤਾ। ਲੀਡਰਸ਼ਿਪ ਸਕੂਲ ਦੇ ਪ੍ਰੋਗਰਾਮਾਂ ਵਿਚ ਆਪਣੀ ਭਾਗੀਦਾਰੀ ਅਤੇ ਸਕੂਲ ਵਿਚ ‘ਹਾਊਸ ਕੈਪਟਨ’ ਵਜੋਂ ਆਪਣੀ ਭੂਮਿਕਾ ਰਾਹੀਂ, ਰੂਹਬਾਨੀ ਨੇ ਇਕ ਸਮੁੱਚਾ ਪੋਰਟਫੋਲੀਓ ਬਣਾਇਆ ਜਿਸ ਨੇ ਉਸ ਨੂੰ ਹੋਰ ਬਿਨੈਕਾਰਾਂ ਨਾਲੋਂ ਵੱਖਰਾ ਸਾਬਤ ਕੀਤਾ। ਉਸ ਨੇ ਸਕੂਲ ਮੈਗਜ਼ੀਨ ਅਤੇ ਸਕੂਲ ਨਾਲ ਸਬੰਧਤ ਹੋਰ ਮਹੱਤਵਪੂਰਨ ਪ੍ਰੋਗਰਾਮਾਂ ਲਈ ਵੀ ਲਿਖਿਆ।
ਰੂਹਬਾਨੀ ਨੇ ਦੱਸਿਆ ਕਿ ਬਹੁਤ ਸਾਰੇ ਵਿਦਿਆਰਥੀ ਅਜਿਹੇ ਹਨ, ਜੋ ਵਿਦੇਸ਼ ਜਾ ਕੇ ਪੜ੍ਹਾਈ ਕਰਨ ਲਈ ਕਰਜ਼ਾ ਲੈਂਦੇ ਹਨ। ਜੇਕਰ ਵਿਦਿਆਰਥੀਆਂ ਨੂੰ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦੀ ਇੱਛਾ ਹੈ ਤਾਂ ਇਸ ਲਈ ਉਨ੍ਹਾਂ ਨੂੰ ਪਹਿਲਾਂ ਤੋਂ ਤਿਆਰੀ ਕਰਕੇ ਰੱਖਣੀ ਚਾਹੀਦੀ ਹੈ ਤਾਂਕਿ ਉਨ੍ਹਾਂ ਨੂੰ ਸਕਾਲਰਸ਼ਿਪ ਮਿਲ ਸਕੇ। ਸਕਾਲਰਸ਼ਿਪ ਲੈਣ ਲਈ ਕੀ ਕਰਨਾ ਚਾਹੀਦਾ ਹੈ, ਦੇ ਬਾਰੇ ਵੀ ਵਿਦਿਆਰਥੀਆਂ ਨੂੰ ਜਾਣਕਾਰੀ ਪਹਿਲਾਂ ਤੋਂ ਇਕੱਠੀ ਕਰਨੀ ਚਾਹੀਦੀ ਹੈ, ਤਾਂਕਿ ਉਹ ਨਿਰਾਸ਼ ਨਾ ਹੋ ਸਕਣ।