2 ਨਾਬਾਲਗ ਲੜਕੀਆਂ ਦੇ ਜਿਨਸੀ ਸ਼ੋਸ਼ਣ ਦਾ ਮਾਮਲਾ: ਕਰਨਾਟਕ ਪੁਲਿਸ ਨੇ ਮੁਰੂਘਾ ਮੱਠ ਦੇ ਮੁਖੀ ਨੂੰ ਕੀਤਾ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਗ੍ਰਿਫਤਾਰੀ ਤੋਂ ਬਾਅਦ ਅਦਾਲਤ ਨੇ ਉਸ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ।

Murugha Mutt pontiff arrested


ਨਵੀਂ ਦਿੱਲੀ: ਕਰਨਾਟਕ ਪੁਲਿਸ ਨੇ ਵੀਰਵਾਰ ਦੇਰ ਰਾਤ ਨੂੰ ਮੁਰੂਘਾ ਮੱਠ ਦੇ ਮੁੱਖ ਪੁਜਾਰੀ ਮਹੰਤ ਸ਼ਿਵਮੂਰਤੀ ਮੁਰੂਘਾ ਨੂੰ ਦੋ ਨਾਬਾਲਗ ਲੜਕੀਆਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਕਰਨਾਟਕ ਦੇ ਏਡੀਜੀਪੀ ਲਾਅ ਐਂਡ ਆਰਡਰ ਆਲੋਕ ਕੁਮਾਰ ਨੇ ਦੱਸਿਆ ਕਿ ਮੁਰੂਘਾ ਮੱਠ ਦੇ ਮੁੱਖ ਪੁਜਾਰੀ ਮਹੰਤ ਸ਼ਿਵਮੂਰਤੀ ਮੁਰੂਘਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗ੍ਰਿਫਤਾਰੀ ਤੋਂ ਬਾਅਦ ਅਦਾਲਤ ਨੇ ਉਸ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ।

ਹੁਣ ਪੁਲਿਸ ਉਸ ਨੂੰ ਓਪਨ ਕੋਰਟ 'ਚ ਪੇਸ਼ ਕਰਕੇ ਰਿਮਾਂਡ 'ਤੇ ਲੈਣ ਦੀ ਮੰਗ ਕਰੇਗੀ ਤਾਂ ਜੋ ਉਸ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਸਕੇ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਚਿਤਰਦੁਰਗਾ ਦੀ ਜ਼ਿਲ੍ਹਾ ਸੈਸ਼ਨ ਅਦਾਲਤ ਨੇ ਮੁਰੂਘਾ ਮੱਠ ਦੇ ਮੁੱਖ ਪੁਜਾਰੀ ਦੀ ਅਗਾਊਂ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ 1 ਸਤੰਬਰ ਤੱਕ ਮੁਲਤਵੀ ਕਰ ਦਿੱਤੀ ਸੀ।

ਕਰਨਾਟਕ ਦੇ ਏਡੀਜੀਪੀ ਲਾਅ ਐਂਡ ਆਰਡਰ ਆਲੋਕ ਕੁਮਾਰ ਨੇ ਦੱਸਿਆ ਕਿ ਮੁਰੂਘਾ ਮੱਠ ਦੇ ਮੁੱਖ ਪੁਜਾਰੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਨਿਰਧਾਰਤ ਪ੍ਰਕਿਰਿਆ ਦੀ ਪਾਲਣਾ ਕੀਤੀ ਜਾ ਰਹੀ ਹੈ। ਵਿਧੀ ਅਨੁਸਾਰ ਮੈਡੀਕਲ ਟੈਸਟ ਅਤੇ ਜਾਂਚ ਕੀਤੀ ਜਾਵੇਗੀ। ਇਸ ਦੌਰਾਨ ਵਕੀਲਾਂ ਦੇ ਇਕ ਸਮੂਹ ਨੇ ਕਰਨਾਟਕ ਹਾਈ ਕੋਰਟ ਦੀ ਨਿਗਰਾਨੀ ਵਿਚ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਮਹੰਤ ਖਿਲਾਫ ਪ੍ਰੋਟੈਕਸ਼ਨ ਆਫ ਚਾਈਲਡ ਸੈਕਸੁਅਲ ਓਫੈਂਸ (ਪੋਕਸੋ) ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।