ਤਾਂਤਰਿਕ ਨੇ ਕੀਤਾ 3 ਔਰਤਾਂ ਨਾਲ ਜਬਰ-ਜ਼ਿਨਾਹ, ਪੁਲਿਸ ਨੇ ਕੀਤਾ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੇਹੋਸ਼ ਕਰਨ ਵਾਲਾ ਪਦਾਰਥ ਖੁਆ ਕੇ ਕਰਦਾ ਸੀ ਬਲਾਤਕਾਰ

File photo

 

ਗੋਰਖਪੁਰ: ਉੱਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲੇ ਦੇ ਕੈਂਪੀਅਰਗੰਜ ਥਾਣਾ ਖੇਤਰ ਦੇ ਅਧੀਨ ਪੈਂਦੇ ਇਕ ਹੀ ਪਿੰਡ ਦੀ ਦਰਾਣੀ-ਜਠਾਣੀ ਸਮੇਤ ਤਿੰਨ ਔਰਤਾਂ ਨਾਲ ਕਥਿਤ ਤੌਰ 'ਤੇ ਜਬਰ-ਜ਼ਿਨਾਹ ਕਰਨ ਅਤੇ ਪੈਸੇ ਲੁੱਟਣ ਦੇ ਮਾਮਲੇ ਵਿਚ ਪੁਲਸ ਨੇ ਗ੍ਰਿਫਤਾਰ ਕੀਤਾ ਹੈ। 

ਕੈਂਪੀਅਰਗੰਜ ਤੋਂ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਔਰਤਾਂ ਨੇ ਤਾਂਤਰਿਕ 'ਤੇ ਝਾੜ-ਫ਼ੂਕ ਦੇ ਬਹਾਨੇ ਬਲਾਤਕਾਰ ਕਰਨ ਅਤੇ ਪੈਸੇ ਹੜੱਪਣ ਦਾ ਦੋਸ਼ ਲਗਾਇਆ ਹੈ। ਪੁਲਿਸ ਅਫ਼ਸਰ ਨੇ ਦੱਸਿਆ ਕਿ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਮੁਲਜ਼ਮ ਸ਼ਿਆਮ ਬਿਹਾਰੀ ਵਾਸੀ ਪਿੰਡ ਮਛਲੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਮਛਲੀ ਪਿੰਡ ਵਾਸੀ ਸ਼ਿਆਮ ਬਿਹਾਰੀ ਨੇ ਪਿੰਡ ਦੇ ਹੀ ਦੋ ਭਰਾਵਾਂ ਦੀਆਂ ਪਤਨੀਆਂ ਅਤੇ ਇੱਕ ਗੁਆਂਢੀ ਔਰਤ ਨੂੰ ਵੱਖ-ਵੱਖ ਦਿਨ ਰਾਤ 12 ਵਜੇ ਪਿੰਡ ਦੇ ਹੀ ਇੱਕ ਪਿੱਪਲ ਦੇ ਦਰੱਖਤ ਹੇਠ ਬੁਲਾਇਆ ਅਤੇ ਕੁਝ ਅਜਿਹਾ ਖੁਆ ਦਿੰਦਾ ਸੀ ਜਿਸ ਨਾਲ ਔਰਤਾਂ ਬੇਹੋਸ਼ ਹੋ ਜਾਂਦੀਆਂ ਸਨ।

ਇਸ ਤੋਂ ਬਾਅਦ ਉਹ ਔਰਤਾਂ ਨਾਲ ਬਲਾਤਕਾਰ ਕਰਦਾ ਸੀ। ਪੁਲਿਸ ਮੁਤਾਬਿਕ ਤਿੰਨਾਂ ਔਰਤਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਤਾਂਤਰਿਕ ਨੇ ਉਨ੍ਹਾਂ ਨਾਲ ਬਲਾਤਕਾਰ ਕੀਤਾ ਅਤੇ ਕਰੀਬ ਸੱਤ ਹਜ਼ਾਰ ਰੁਪਏ ਵੀ ਹੜੱਪ ਲਏ।

ਔਰਤਾਂ ਨੇ ਦੱਸਿਆ ਕਿ ਤਾਂਤਰਿਕ ਉਹਨਾਂ ਨੂੰ ਤੰਤਰ-ਮੰਤਰ ਦਾ ਡਰ ਦਿਖਾ ਕੇ ਅਤੇ ਕਥਿਤ ਤੌਰ 'ਤੇ ਝਾੜ-ਫ਼ੂਕ ਦੇ ਬਹਾਨੇ ਬਲਾਤਕਾਰ ਕਰਦਾ ਸੀ। ਜਦੋਂ ਔਰਤਾਂ ਨੂੰ ਤਾਂਤਰਿਕ ਦੀ ਸੱਚਾਈ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਉਸ ਤੋਂ ਪੈਸਿਆਂ ਦੀ ਮੰਗ ਕੀਤੀ ਅਤੇ ਪੁਲਿਸ ਨੂੰ ਉਸ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।

ਪੁਲਿਸ ਨੇ ਕਿਹਾ ਹੈ ਕਿ ਸੰਬੰਧਿਤ ਧਾਰਾਵਾਂ ਤਹਿਤ ਤਾਂਤਰਿਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ, ਅਤੇ ਉਸ ਨੂੰ ਪੁਲਿਸ ਹਿਰਾਸਤ ਵਿੱਚ ਲੈ ਲਿਆ ਗਿਆ ਹੈ।