ਤੀਜੇ ਭਰਾ ਨੂੰ ਬਚਾਉਣ ਲੱਗੇ ਨਦੀ 'ਚ ਰੁੜ੍ਹ ਗਏ ਦੋ ਸਕੇ ਭਰਾ, ਡੁੱਬ ਜਾਣ ਦਾ ਖ਼ਦਸ਼ਾ
ਭਾਲ਼ 'ਚ ਲਗਾਤਾਰ ਜੁਟੀਆਂ ਗੋਤਾਖੋਰਾਂ ਦੀਆਂ ਟੀਮਾਂ, ਪਰ ਨਹੀਂ ਮਿਲੀ ਕਾਮਯਾਬੀ
ਇਟਾਵਾ: ਉੱਤਰ ਪ੍ਰਦੇਸ਼ ਦੇ ਇਟਾਵਾ ਜ਼ਿਲ੍ਹੇ ਦੇ ਚਕਰ ਨਗਰ ਥਾਣਾ ਖੇਤਰ 'ਚ ਪੈਂਦੀ ਚੰਬਲ ਨਦੀ 'ਚ ਆਪਣੇ ਛੋਟੇ ਭਰਾ ਨੂੰ ਡੁੱਬਣ ਤੋਂ ਬਚਾਉਣ ਦੀ ਕੋਸ਼ਿਸ਼ ਦੌਰਾਨ ਦੋ ਸਕੇ ਭਰਾ ਨਦੀ 'ਚ ਰੁੜ੍ਹ ਗਏ, ਜਿਨ੍ਹਾਂ ਦੇ ਡੁੱਬ ਜਾਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਪ੍ਰਸ਼ਾਸਨ ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਸ਼ੁੱਕਰਵਾਰ 2 ਸਤੰਬਰ ਨੂੰ ਦਿੱਤੀ।
ਪ੍ਰਸ਼ਾਸਨ ਵੱਲੋਂ ਨੌਜਵਾਨਾਂ ਦੀ ਭਾਲ਼ ਦੀ ਮੁਹਿੰਮ ਤੇਜ਼ੀ ਨਾਲ ਚਲਾਈ ਜਾ ਰਹੀ ਹੈ। ਮਾਮਲੇ ਨਾਲ ਜੁੜੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੁਡੌਲ ਪਿੰਡ ਦੇ ਤਿੰਨ ਭਰਾ ਸ਼ੁੱਕਰਵਾਰ ਸਵੇਰੇ ਕਿਸੇ ਦੇ ਅੰਤਿਮ ਸੰਸਕਾਰ ਤੋਂ ਬਾਅਦ ਚੰਬਲ ਨਦੀ 'ਚ ਨਹਾਉਣ ਗਏ, ਅਤੇ ਨਹਾਉਣ ਦੌਰਾਨ ਅਚਾਨਕ ਸਭ ਤੋਂ ਛੋਟਾ ਭਰਾ ਮੋਨੂੰ ਨਦੀ ਵਿੱਚ ਡੁੱਬਣ ਲੱਗਿਆ।
ਦੱਸਿਆ ਗਿਆ ਹੈ ਕਿ ਮੋਨੂੰ ਦੇ ਦੋ ਵੱਡੇ ਭਰਾਵਾਂ ਸੋਨੂੰ ਚੌਹਾਨ (28) ਅਤੇ ਰਵੀ ਚੌਹਾਨ (29) ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸ ਨੂੰ ਵੀ ਬਚਾ ਵੀ ਲਿਆ, ਪਰ ਰਵੀ ਅਤੇ ਸੋਨੂੰ ਖੁਦ ਨਦੀ ਤੇ ਤੇਜ਼ ਵਹਾਅ ਦੀ ਲਪੇਟ ਵਿਚ ਆ ਕੇ ਵਹਿ ਗਏ।
ਸੂਚਨਾ ਮਿਲਣ 'ਤੇ ਮੌਕੇ 'ਤੇ ਪੁੱਜੀ ਪੁਲਿਸ ਟੀਮ ਨੇ ਗੋਤਾਖੋਰਾਂ ਦੀ ਮਦਦ ਨਾਲ ਦੋਵਾਂ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਪਰ ਤਾਜ਼ਾ ਜਾਣਕਾਰੀ ਮਿਲਣ ਤੱਕ ਸਫ਼ਲਤਾ ਨਹੀਂ ਹਾਸਲ ਹੋਈ। ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਗੋਤਾਖੋਰਾਂ ਦੀ ਟੀਮ ਵੱਲੋਂ ਦੋਵਾਂ ਭਰਾਵਾਂ ਦਾ ਪਤਾ ਲਗਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ।