ਸੂਰਜ ਦਾ ਅਧਿਐਨ ਕਰਨ ਲਈ ਇਕ ਮਹੱਤਵਪੂਰਨ ਛਾਲ ਹੈ ਆਦਿਤਿਆ-ਐਲ1 ਸੂਰਜੀ ਮਿਸ਼ਨ : ਵਿਗਿਆਨੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਉਦਯੋਗਾਂ ਅਤੇ ਸਮਾਜ ਦੀ ਭਲਾਈ ਕਰਨ ਵਾਲਾ ਹੈ ਮਿਸ਼ਨ : ਪ੍ਰੋ. ਸੋਮਕ ਰਾਏਚੌਧਰੀ

Aditya L1

ਨਵੀਂ ਦਿੱਲੀ: ਭਾਰਤ ਦਾ ਉਤਸ਼ਾਹੀ ਆਦਿਤਿਆ-ਐਲ1 ਮਿਸ਼ਨ ਪੁਲਾੜ ਅਧਾਰਤ ਸੂਰਜੀ ਅਧਿਐਨ ’ਚ ਦੇਸ਼ ਦੀਆਂ ਸ਼ੁਰੂਆਤੀ ਕੋਸ਼ਿਸ਼ਾਂ ਦਾ ਪ੍ਰਤੀਕ ਹੈ ਅਤੇ ਇਹ ਸੂਰਜ ਦੀਆਂ ਗਤੀਵਿਧੀਆਂ ਅਤੇ ਪ੍ਰਿਥਵੀ ’ਤੇ ਉਨ੍ਹਾਂ ਦੇ ਅਸਰ ਬਾਰੇ ਮਹੱਤਵਪੂਰਨ ਅੰਤਰਦ੍ਰਿਸ਼ਟੀ ਪ੍ਰਦਾਨ ਕਰੇਗਾ। ਇਹ ਗੱਲ ਮਾਹਰਾਂ ਨੇ ਕਹੀ। 
ਕਈ ਮਾਹਰਾਂ ਨੇ ਮਿਸ਼ਨ ਦੇ ਸਫ਼ਲ ਲਾਂਚ ਅਤੇ ਵਿਗਿਆਨ ਤੇ ਮਨੁੱਖਤਾ ਲਈ ਇਸ ਦੇ ਮਹੱਤਵ ਦੀ ਤਾਰੀਫ਼ ਕੀਤੀ। 

ਭਾਰਤੀ ਵਿਗਿਆਨ ਸਿਖਿਆ ਅਤੇ ਖੋਜ ਸੰਸਥਾਨ, ਕੋਲਕਾਤਾ ’ਚ ਪੁਲਾੜ ਵਿਗਿਆਨ ਮਹੱਤਤਾ ਕੇਂਦਰ ਦੇ ਮੁਖੀ ਦਿਵੇਂਦੂ ਨੰਦੀ ਨੇ ਕਿਹਾ, ‘‘ਇਹ ਮਿਸ਼ਨ ਸੂਰਜ ਦੇ ਪੁਲਾੜ-ਅਧਾਰਤ ਅਧਿਐਨ ’ਚ ਭਾਤਰ ਦੀ ਪਹਿਲੀ ਕੋਸ਼ਿਸ਼ ਹੈ। ਜੇਕਰ ਇਹ ਪੁਲਾੜ ’ਚ ਲੈਂਗਰੇਂਜ ਬਿੰਦੂ ਐਲ1 ਤਕ ਪਹੁੰਚਦਾ ਹੈ ਤਾਂ ਨਾਸਾ ਅਤੇ ਯੂਰਪੀ ਪੁਲਾੜ ਏਜੰਸੀ ਤੋਂ ਬਾਅਦ ਇਸਰੋ ਉਥੇ ਸੂਰਜੀ ਨਿਰੀਖਣਸ਼ਾਲਾ ਸਥਾਪਤ ਕਰਨ ਵਾਲੀ ਤੀਜੀ ਪੁਲਾੜ ਏਜੰਸੀ ਬਣ ਜਾਵੇਗੀ।’’
ਨੰਦੀ ਨੇ ਕਿਹਾ, ‘‘ਪੁਲਾੜ ’ਚ ਮੌਸਮ ਸੂਰਜ ਕਾਰਨ ਆਈ ਕੋਈ ਤਬਦੀਲੀ ਪ੍ਰਿਥਵੀ ’ਤੇ ਅਸਰ ਪਾਉਣ ਤੋਂ ਪਹਿਲਾਂ ਐਲ1 ’ਤੇ ਦਿਸੇਗੀ, ਜੋ ਭਵਿੱਖਬਾਣੀ ਲਈ ਥੋੜ੍ਹਾ ਪਰ ਮਹੱਤਵਪੂਰਨ ਸਮਾਂ ਦਿੰਦਾ ਹੈ।’’

ਉਨ੍ਹਾਂ ਕਿਹਾ, ‘‘ਆਦਿਤਿਆ-ਐਲ1 ਉਪਗ੍ਰਹਿ ਇਕ ਸਹਿਯੋਗੀ ਕੌਮੀ ਕੋਸ਼ਿਸ਼ ਹੈ, ਜਿਸ ਦਾ ਉਦੇਸ਼ ‘ਕੋਰੋਨਲ ਮਾਸ ਇਜੈਕਸ਼ਨ’ (ਸੀ.ਐਮ.ਈ.) ਸਮੇਤ ਸੂਰਜੀ ਦੀਆਂ ਗਤੀਵਿਧੀਆਂ ਦੇ ਵੱਖੋ-ਵੱਖ ਪਹਿਲੂਆਂ ਨੂੰ ਉਜਾਗਰ ਕਰਨਾ ਹੈ। ਇਹ ਪ੍ਰਿਥਵੀ ਨੇੜੇ ਪੁਲਾੜ ਵਾਤਾਵਰਣ ਦੀ ਵੀ ਨਿਗਰਾਨੀ ਕਰੇਗਾ ਅਤੇ ਪੁਲਾੜ ਮੌਸਮ ਭਵਿੱਖਬਾਣੀ ਮਾਡਲ ਨੂੰ ਬਿਹਤਰ ਬਣਾਉਣ ’ਚ ਯੋਗਦਾਨ ਦੇਵੇਗਾ।’’ ਗੰਭੀਰ ਪੁਲਾੜ ਮੌਸਮ ਦੂਰਸੰਚਾਰ ਅਤੇ ਸਮੁੰਦਰੀ ਆਵਾਜਾਈ ਨੈੱਟਵਰਕ, ਹਾਈ ਫ਼ਰੀਕੁਐਂਯੀ ਰੇਡੀਉ ਸੰਚਾਰ, ਧਰੁਵੀ ਮਾਰਗਾਂ ’ਤੇ ਹਵਾਈ ਆਵਾਜਾਈ, ਬਿਜਲਈ ਊਰਜਾ ਗਰਿੱਡ ਅਤੇ ਪ੍ਰਿਥਵੀ ਦੇ ਉੱਚੇ ਸਥਾਨਾਂ ’ਤੇ ਤੇਲ ਪਾਈਪਲਾਈਨਾਂ ਨੂੰ ਪ੍ਰਭਾਵਤ ਕਰਦਾ ਹੈ।

ਅਸ਼ੋਕ ਯੂਨੀਵਰਸਿਟੀ ਦੇ ਵੀ.ਸੀ. ਪ੍ਰੋਫ਼ੈਸਰ ਸੋਮਕ ਰਾਏਚੌਧਰੀ ਨੇ ਇਸ ਗੱਲ ’ਤੇ ਜ਼ੋਰ ਦਿੰਦੇ ਹਨ ਕਿ ਇਹ ਮਿਸ਼ਨ ਵਿਗਿਆਨਕ ਉਤਸੁਕਤਾ ਤੋਂ ਪਰੇ ਹੈ ਕਿਉਂਕਿ ਇਸ ਦਾ ਉਦਯੋਗਾਂ ਅਤੇ ਸਮਾਜ ’ਤੇ ਅਸਰ ਹੈ। ਰਾਏਚੌਧਰੀ, ਜੋ ਪਹਿਲਾਂ ਇੰਟਰ-ਯੂਨੀਵਰਸਿਟੀ ਸੈਂਟਰ ਫਾਰ ਐਸਟ੍ਰੋਨੋਮੀ ਐਂਡ ਐਸਟ੍ਰੋਫਿਜ਼ਿਕਸ (ਆਈ.ਯੂ.ਸੀ.ਏ.ਏ.), ਪੁਣੇ ਦੇ ਡਾਇਰੈਕਟਰ ਸਨ, ਨੇ ਕਿਹਾ ਕਿ ਮਿਸ਼ਨ ਦਾ ਉਦੇਸ਼ ਸੂਰਜ ਦੇ ਅਸਾਧਾਰਣ ਕਰੋਨਾ ਦੇ ਭੇਤ ਨੂੰ ਉਜਾਗਰ ਕਰਨਾ ਹੈ, ਜਿਸ ਦਾ ਤਾਪਮਾਨ 20 ਲੱਖ ਡਿਗਰੀ ਸੈਲਸੀਅਸ ਹੈ, ਜਦੋਂ ਕਿ ਸੂਰਜ ਦੀ ਸਤ੍ਹਾ 5500 ਡਿਗਰੀ ਸੈਲਸੀਅਸ ਮੁਕਾਬਲਤਨ ਠੰਢੀ ਹੈ।

ਰਾਏਚੌਧਰੀ ਨੇ ਸਮਝਾਇਆ, ‘‘ਇਨ੍ਹਾਂ ’ਚੋਂ ਉੱਚ-ਊਰਜਾ ਦੇ ਕਣ, ਜਿਨ੍ਹਾਂ ਨੂੰ ਕੋਰੋਨਲ ਮਾਸ ਇਜੈਕਸ਼ਨ ਕਿਹਾ ਜਾਂਦਾ ਹੈ, ਧਰਤੀ ਨਾਲ ਟਕਰਾਉਂਦੇ ਹਨ। ਉਹ ਸਾਡੇ ਗ੍ਰਹਿ ਦੇ ਚੱਕਰ ਲਗਾਉਣ ਵਾਲੇ ਉਪਗ੍ਰਹਿਾਂ ਲਈ ਖ਼ਤਰਾ ਬਣਾਉਂਦੇ ਹਨ, ਜਿਨ੍ਹਾਂ ’ਤੇ ਅਸੀਂ ਸੰਚਾਰ, ਇੰਟਰਨੈਟ ਅਤੇ ਜੀ.ਪੀ.ਐਸ. ਸੇਵਾਵਾਂ ਲਈ ਨਿਰਭਰ ਕਰਦੇ ਹਾਂ। ਸਾਨੂੰ ਇਹ ਅੰਦਾਜ਼ਾ ਲਾਉਣ ਦੇ ਇਕ ਸਾਧਨ ਦੀ ਜ਼ਰੂਰਤ ਹੈ ਕਿ ਇਹ ਸੀ.ਐੱਮ.ਈ. ਕਦੋਂ ਅਤੇ ਕਿਸ ਤੀਬਰਤਾ ’ਤੇ ਹੋਣਗੇ। ਆਦਿਤਿਆ-ਐੱਲ1 ਸਾਨੂੰ ਪੁਲਾੜ ਦੇ ਮੌਸਮ ਦੀ ਭਵਿੱਖਬਾਣੀ ਕਰਨ ਲਈ ਗਿਆਨ ਪ੍ਰਦਾਨ ਕਰੇਗਾ।’’

ਨਾਸਾ ਦਾ ਮੁਕਾਬਲਾ ਕਰਨ ਲਈ ਅਜੇ ਭਾਰਤ ਨੂੰ ਲੰਮਾ ਰਸਤਾ ਤੈਅ ਕਰਨਾ ਹੋਵੇਗਾ

ਪੁਲਾੜ ਭੌਤਿਕ ਵਿਗਿਆਨੀ ਸੰਦੀਪ ਚੱਕਰਵਰਤੀ ਨੇ ਪਿਛਲੇ ਕੁਝ ਸਾਲਾਂ ’ਚ ਮਿਸ਼ਨ ਦੇ ਵਿਕਾਸ ’ਤੇ ਚਾਨਣਾ ਪਾਇਆ। ਕੋਲਕਾਤਾ ਸਥਿਤ ਇੰਡੀਅਨ ਸੈਂਟਰ ਫਾਰ ਸਪੇਸ ਫਿਜ਼ਿਕਸ ਦੇ ਨਿਰਦੇਸ਼ਕ ਚੱਕਰਵਰਤੀ ਨੇ ਕਿਹਾ, ‘‘ਆਦਿਤਿਆ ਬਾਰੇ 15 ਸਾਲ ਤੋਂ ਵੀ ਵੱਧ ਸਮਾਂ ਪਹਿਲਾਂ ਯੋਜਨਾ ਬਣਾਈ ਗਈ ਸੀ। ਸ਼ੁਰੂ ’ਚ ਇਹ ਸੂਰਜੀ ਕੋਰੋਨਾ ਦੇ ਅਧਾਰ ’ਤੇ ਪਲਾਜ਼ਮਾ ਵੇਗ ਦਾ ਅਧਿਐਨ ਕਰਨ ਲਈ ਸੀ। ਬਾਅਦ ’ਚ ਇਹ ਆਦਿਤਿਆ-ਐੱਲ1 ਅਤੇ ਫਿਰ ਆਦਿਤਿਆ L1+ ’ਚ ਵਿਕਸਤ ਹੋਇਆ, ਅੰਤ ’ਚ ਯੰਤਰਾਂ ਦੇ ਨਾਲ ਆਦਿਤਿਆ-ਐੱਲ1 ’ਚ ਵਾਪਸ ਆਇਆ।’’

ਚੱਕਰਵਰਤੀ ਨੇ ਮਿਸ਼ਨ ਦੇ ਉਪਕਰਨਾਂ ਅਤੇ ਸਮਰਥਾਵਾਂ ਬਾਰੇ ਵੀ ਜਾਣਕਾਰੀ ਦਿਤੀ। ਉਨ੍ਹਾਂ ਅਨੁਸਾਰ ਪੇਲੋਡ ‘ਥੋੜ੍ਹਾ ਨਿਰਾਸ਼ਾਜਨਕ ਰਿਹਾ ਹੈ ਅਤੇ ਉਪਗ੍ਰਹਿ ਯਕੀਨੀ ਤੌਰ ’ਤੇ ਅੱਵਲ ਖੋਜ ਸ਼੍ਰੇਣੀ ਦਾ ਨਹੀਂ ਹੈ।’

ਚੱਕਰਵਰਤੀ ਨੇ ਮਿਸ਼ਨ ਦੇ ਉਪਕਰਨਾਂ ਅਤੇ ਸਮਰੱਥਾਵਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ, ‘‘ਲਗਭਗ ਸਾਰੇ ਯੰਤਰ ਲਗਭਗ 50 ਸਾਲ ਪਹਿਲਾਂ ਨਾਸਾ ਵਲੋਂ ਭੇਜੇ ਗਏ ਸਨ, ਉਦਾਹਰਣ ਵਜੋਂ 1970 ਦੇ ਸ਼ੁਰੂ ’ਚ ਪਾਇਨੀਅਰ 10, 11 ਆਦਿ ’ਚ। ਨਾਲ ਹੀ ਸੁਰੱਖਿਅਤ ਰਹਿਣ ਲਈ, ਤਾਕਿ ਸੂਰਜ ਦੀ ਰੌਸ਼ਨੀ ਦੇ ਸਿੱਧੇ ਸੰਪਰਕ ਨਾਲ ਸਾਜ਼ੋ-ਸਾਮਾਨ ਨੂੰ ਨੁਕਸਾਨ ਨਾ ਹੋਵੇ, ਬਲਾਕਿੰਗ ਡਿਸਕ ਦਾ ਆਕਾਰ ਬਹੁਤ ਵੱਡਾ ਹੈ, ਜੋ ਸੋਲਰ ਡਿਸਕ ਨਾਲੋਂ ਲਗਭਗ ਪੰਜ ਫ਼ੀ ਸਦੀ ਵੱਡਾ ਹੈ। ਇਸ ਲਈ ਇਹ ਸੂਰਜੀ ਸਤ੍ਹਾ ਤੋਂ 35,000 ਕਿਲੋਮੀਟਰ ਦੀ ਦੂਰੀ ’ਤੇ ਹੀ ਵੇਗ ਨੂੰ ਮਾਪ ਸਕਦਾ ਹੈ।’’

ਇਨ੍ਹਾਂ ਚੁਨੌਤੀਆਂ ਦੇ ਬਾਵਜੂਦ, ਵਿਗਿਆਨੀ ਨੇ ਕਿਹਾ ਕਿ ਆਦਿਤਿਆ-ਐਲ1 ਮਿਸ਼ਨ ’ਚ ਅਪਾਰ ਸੰਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਭਾਰਤ ਨੂੰ ਵਿਗਿਆਨ ਦੇ ਮਾਮਲੇ ’ਚ ਨਾਸਾ ਨਾਲ ਮੁਕਾਬਲਾ ਕਰਨ ਲਈ ਅਜੇ ਲੰਮਾ ਸਫ਼ਰ ਤੈਅ ਕਰਨਾ ਹੈ।