ਅਧਿਆਪਕ ਦਿਵਸ ਮੌਕੇ 75 ਅਧਿਆਪਕਾਂ ਨੂੰ ਕੌਮੀ ਪੁਰਸਕਾਰ ਨਾਲ ਸਨਮਾਨਤ ਕਰਨਗੇ ਰਾਸ਼ਟਰਪਤੀ ਮੁਰਮੂ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੰਜਾਬ ’ਚੋਂ ਤਿੰਨ ਅਤੇ ਚੰਡੀਗੜ੍ਹ ਤੇ ਹਰਿਆਣਾ ’ਚੋਂ ਇਕ-ਇਕ ਅਧਿਆਪਕ ਨੂੰ ਮਿਲੇਗਾ ਕੌਮੀ ਪੁਰਸਕਾਰ

President Murmu

ਨੈਸ਼ਨਲ ਟੀਚਰ ਐਵਾਰਡ ਦਾ ਘੇਰਾ ਮੋਕਲਾ ਕੀਤਾ, ਉਚੇਰੀ ਸਿੱਖਿਆ ਵਿਭਾਗ ਅਤੇ ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ ਦੇ ਅਧਿਆਪਕਾਂ ਵੀ ਸ਼ਾਮਲ ਹੋਣਗੇ

ਨਵੀਂ ਦਿੱਲੀ: ਦੇਸ਼ ਭਰ ਤੋਂ ਕੁਲ 75 ਅਧਿਆਪਕਾਂ ਨੂੰ ਕੌਮੀ ਅਧਿਆਪਕ ਪੁਰਸਕਾਰ ਲਈ ਚੁਣਿਆ ਗਿਆ ਹੈ। ਰਾਸ਼ਟਰਪਤੀ ਦਰੌਪਦੀ ਮੁਰਮੂ ਪੰਜ ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਇਨ੍ਹਾਂ ਚੋਣਵੇਂ ਅਧਿਆਪਕਾਂ ਨੂੰ ਸਨਮਾਨਤ ਕਰਨਗੇ। ਕੇਂਦਰੀ ਸਿਖਿਆ ਮੰਤਰਾਲੇ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। 

ਚੋਣਵੇਂ ਪੁਰਸਕਾਰ ਜੇਤੂਆਂ ’ਚ 50 ਸਕੂਲੀ ਅਧਿਆਪਕ, ਉੱਚ ਸਿਖਿਆ ਸੰਸਥਾਨਾਂ ਦੇ 13 ਅਧਿਆਪਕ ਅਤੇ ਹੁਨਰ ਵਿਕਾਸ ਅਤੇ ਉਦਮਿਤਾ ਮੰਤਰਾਲੇ ਦੇ 12 ਅਧਿਆਪਕ ਸ਼ਾਮਲ ਹਨ। 

ਪੰਜਾਬ ਦੇ ਸਕੂਲੀ ਅਧਿਆਪਕਾਂ ’ਚੋਂ ਸਰਕਾਰ ਸੀਨੀਅਰ ਸੈਕੰ. ਸਕੂਲ ਛਪਾਰ, ਪੱਖੋਵਾਲ, ਲੁਧਿਆਣਾ ਦੇ ਅੰਮ੍ਰਿਤਪਾਲ ਸਿੰਘ, ਸਤਪਾਲ ਮਿੱਤਲ ਸਕੂਲ, ਲੁਧਿਆਣਾ-C.I.S.C.E. ਦੇ ਭੁਪਿੰਦਰ ਗੋਗੀਆ ਨੂੰ ਪੁਰਸਕਾਰ ਲਈ ਚੁਣਿਆ ਗਿਆ ਹੈ ਅਤੇ ਉੱਚ ਸਿਖਿਆ ਸੰਸਥਾਨਾਂ ’ਚੋਂ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦੇ ਪ੍ਰੋਫ਼ੈਸਰ ਅਸ਼ੀਸ਼ ਬਾਲਦੀ ਨੂੰ ਇਸ ਪੁਰਸਕਾਰ ਲਈ ਚੁਣਿਆ ਗਿਆ ਹੈ। 

ਜਦਕਿ ਚੰਡੀਗੜ੍ਹ ’ਚੋਂ ਸਰਕਾਰ ਮਾਡਲ ਹਾਈ ਸਕੂਲ, ਸੈਕਟਰ 49-ਡੀ, ਚੰਡੀਗੜ੍ਹ ਦੇ ਅਧਿਆਪਕ ਸੰਜੇ ਕੁਮਾਰ ਨੂੰ ਚੁਣਿਆ ਗਿਆ ਹੈ। 

ਹਰਿਆਣਾ ’ਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਰੌਲੀ, ਰੇਵਾੜਾ ਦੇ ਅਧਿਆਪਕ ਸਤਿਆਪਾਲ ਸਿੰਘ ਨੂੰ ਚੁਣਿਆ ਗਿਆ ਹੈ। 

ਕੇਂਦਰੀ ਸਿੱਖਿਆ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, “ਰਾਸ਼ਟਰੀ ਅਧਿਆਪਕ ਪੁਰਸਕਾਰਾਂ ਦਾ ਉਦੇਸ਼ ਦੇਸ਼ ’ਚ ਅਧਿਆਪਕਾਂ ਦੇ ਵਿਲੱਖਣ ਯੋਗਦਾਨ ਦਾ ਜਸ਼ਨ ਮਨਾਉਣਾ ਅਤੇ ਉਨ੍ਹਾਂ ਅਧਿਆਪਕਾਂ ਦਾ ਸਨਮਾਨ ਕਰਨਾ ਹੈ, ਜਿਨ੍ਹਾਂ ਨੇ ਅਪਣੀ ਵਚਨਬੱਧਤਾ ਅਤੇ ਸਮਰਪਣ ਨਾਲ ਨਾ ਸਿਰਫ਼ ਸਿੱਖਿਆ ਦੇ ਮਿਆਰ ’ਚ ਸੁਧਾਰ ਕੀਤਾ ਹੈ ਬਲਕਿ ਸਾਡੇ ਵਿਦਿਆਰਥੀਆਂ ਦੇ ਜੀਵਨ ਨੂੰ ਵੀ ਖ਼ੁਸ਼ਹਾਲ ਬਣਾਇਆ ਹੈ।’’

ਅਧਿਕਾਰੀ ਅਨੁਸਾਰ ਅਧਿਆਪਕਾਂ ਨੂੰ ਸਰਟੀਫਿਕੇਟ, 50,000 ਰੁਪਏ ਦਾ ਨਕਦ ਇਨਾਮ ਅਤੇ ਚਾਂਦੀ ਦਾ ਤਮਗੇ ਨਾਲ ਸਨਮਾਨਿਤ ਕੀਤਾ ਜਾਵੇਗਾ। ਪੁਰਸਕਾਰ ਜੇਤੂਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਨ ਦਾ ਮੌਕਾ ਵੀ ਮਿਲੇਗਾ।

ਅਧਿਆਪਕ ਦਿਵਸ ਦੇ ਮੌਕੇ 'ਤੇ, ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ, ਸਿੱਖਿਆ ਮੰਤਰਾਲੇ ਵਲੋਂ ਹਰ ਸਾਲ 5 ਸਤੰਬਰ ਨੂੰ ਇਕ ਕੌਮੀ ਸਮਾਰੋਹ ਕੀਤਾ ਜਾਂਦਾ ਹੈ, ਜਿਸ ’ਚ ਇਕ ਸਖ਼ਤ ਅਤੇ ਪਾਰਦਰਸ਼ੀ ਚੋਣ ਪ੍ਰਕਿਰਿਆ ਰਾਹੀਂ ਚੁਣੇ ਗਏ ਦੇਸ਼ ਦੇ ਬਿਹਤਰੀਨ ਅਧਿਆਪਕਾਂ ਨੂੰ ਕੌਮੀ ਪੁਰਸਕਾਰ ਪ੍ਰਦਾਨ ਕੀਤੇ ਜਾਂਦੇ ਹਨ।

ਇਸ ਸਾਲ ਤੋਂ ਨੈਸ਼ਨਲ ਟੀਚਰ ਐਵਾਰਡ ਦਾ ਘੇਰਾ ਮੋਕਲਾ ਕੀਤਾ ਗਿਆ ਹੈ। ਇਸ ’ਚ ਉਚੇਰੀ ਸਿੱਖਿਆ ਵਿਭਾਗ ਅਤੇ ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ ਦੇ ਅਧਿਆਪਕਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਪੁਰਸਕਾਰ ਲਈ ਚੁਣੇ ਗਏ ਅਧਿਆਪਕਾਂ ’ਚੋਂ ਸਭ ਤੋਂ ਵੱਧ ਪੰਜ ਗੁਜਰਾਤ ਦੇ ਹਨ ਅਤੇ ਉਸ ਤੋਂ ਬਾਅਦ ਕਰਨਾਟਕ ਅਤੇ ਮਹਾਰਾਸ਼ਟਰ ਹਨ ਜਿੱਥੇ ਚਾਰ-ਚਾਰ ਅਧਿਆਪਕ ਸਨਮਾਨ ਲਈ ਚੁਣੇ ਗਏ ਹਨ। ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਬਿਹਾਰ, ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਦੇ ਤਿੰਨ-ਤਿੰਨ ਅਧਿਆਪਕਾਂ ਨੂੰ ਪੁਰਸਕਾਰ ਲਈ ਚੁਣਿਆ ਗਿਆ ਹੈ।