Delhi Cracker Godown fire : ਦਿੱਲੀ 'ਚ ਪਟਾਕਿਆਂ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ, ਕੇਅਰਟੇਕਰ ਦੀ ਕਮਰੇ 'ਚੋਂ ਮਿਲੀ ਸੜੀ ਹੋਈ ਲਾਸ਼
ਇਹ ਘਟਨਾ ਸੋਮਵਾਰ ਨੂੰ ਉੱਤਰ ਪੂਰਬੀ ਦਿੱਲੀ ਦੇ ਸੋਨੀਆ ਵਿਹਾਰ ਵਿੱਚ ਵਾਪਰੀ
Delhi Cracker Godown fire : ਦਿੱਲੀ ਦੇ ਸੋਨੀਆ ਵਿਹਾਰ ਇਲਾਕੇ ਵਿੱਚ ਪਟਾਕਿਆਂ ਦੇ ਗੋਦਾਮ ਵਿੱਚ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਨੂੰ ਉੱਤਰ ਪੂਰਬੀ ਦਿੱਲੀ ਦੇ ਸੋਨੀਆ ਵਿਹਾਰ ਵਿੱਚ ਵਾਪਰੀ।
ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸਵੇਰੇ 4 ਵਜੇ ਸੋਨੀਆ ਵਿਹਾਰ ਦੀ ਗਲੀ ਨੰਬਰ 1 ਚੌਹਾਨ ਪੱਟੀ 'ਚ ਵਾਪਰੀ। ਦਿੱਲੀ ਫਾਇਰ ਸਰਵਿਸ (ਡੀਐਫਐਸ) ਦੇ ਇੱਕ ਅਧਿਕਾਰੀ ਅਨੁਸਾਰ ਅੱਗ ਦੀ ਸੂਚਨਾ ਮਿਲਣ ਤੋਂ ਬਾਅਦ ਪੰਜ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਕੰਮ 'ਤੇ ਲਗਾਇਆ ਗਿਆ ਅਤੇ ਦੋ ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ।
ਇਸ ਘਟਨਾ ਸਬੰਧੀ ਪੁਲਿਸ ਨੇ ਦੱਸਿਆ ਕਿ ਕਮਰੇ ਦੇ ਅੰਦਰੋਂ ਇੱਕ ਵਿਅਕਤੀ ਦੀ ਸੜੀ ਹੋਈ ਲਾਸ਼ ਬਰਾਮਦ ਹੋਈ ਹੈ। ਪੁਲਸ ਨੇ ਦੱਸਿਆ ਕਿ ਮ੍ਰਿਤਕ ਸ਼ਾਇਦ ਗੋਦਾਮ ਦੀ ਦੇਖ-ਰੇਖ ਕਰਦਾ ਸੀ ਅਤੇ ਘਟਨਾ ਦੇ ਸਮੇਂ ਉਸੇ ਜਗ੍ਹਾ 'ਤੇ ਸੌਂ ਰਿਹਾ ਸੀ।
ਇਕ ਹੋਰ ਅਧਿਕਾਰੀ ਨੇ ਕਿਹਾ, 'ਜਾਂਚ ਵਿਚ ਪਤਾ ਲੱਗਾ ਹੈ ਕਿ 200 ਵਰਗ ਗਜ਼ ਦੇ ਪਲਾਟ ਦਾ ਮਾਲਕ ਕ੍ਰਿਸ਼ਨ ਹੈ, ਜਿਸ ਨੇ ਵਜ਼ੀਰਾਬਾਦ ਵਿਚ ਰਹਿਣ ਵਾਲੇ ਜਾਵੇਦ ਨੂੰ ਕਿਰਾਏ 'ਤੇ ਜਗ੍ਹਾ ਦਿੱਤੀ ਸੀ।' ਅਧਿਕਾਰੀ ਨੇ ਦੱਸਿਆ ਕਿ ਪਲਾਟ ਵਿੱਚ ਇੱਕ ਕਮਰਾ ਸੀ ,ਜਿਸ ਵਿੱਚ ਕੁਝ ਪਟਾਕੇ ਰੱਖੇ ਗਏ ਸਨ, ਉਨ੍ਹਾਂ ਕਿਹਾ ਕਿ ਜਾਵੇਦ ਨੇ ਪਟਾਕੇ ਰੱਖਣ ਲਈ ਉਸ ਥਾਂ ਦੀ ਵਰਤੋਂ ਕੀਤੀ ਸੀ।
ਉਨ੍ਹਾਂ ਕਿਹਾ ਕਿ ਇਹ ਵੀ ਸ਼ੱਕ ਹੈ ਕਿ ਗੁਦਾਮ ਗੈਰ-ਕਾਨੂੰਨੀ ਢੰਗ ਨਾਲ ਚਲਾਇਆ ਜਾ ਰਿਹਾ ਸੀ ਅਤੇ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਾਵੇਦ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਇੱਕ ਦਿਨ ਪਹਿਲਾਂ ਹੀ ਤਾਮਿਲਨਾਡੂ ਵਿੱਚ ਇੱਕ ਪਟਾਕਾ ਫੈਕਟਰੀ ਵਿੱਚ ਅਚਾਨਕ ਹੋਏ ਧਮਾਕੇ ਵਿੱਚ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਸੀ। ਇਹ ਧਮਾਕਾ ਨਾਜ਼ਰੇਥ ਨੇੜੇ ਇਕ ਪਟਾਕਾ ਫੈਕਟਰੀ ਦੇ ਗੋਦਾਮ ਵਿਚ ਹੋਇਆ ਸੀ। ਰਿਪੋਰਟ ਮੁਤਾਬਕ ਜਦੋਂ ਕਰਮਚਾਰੀ ਪਟਾਕਿਆਂ ਦਾ ਭੰਡਾਰ ਕਰ ਰਹੇ ਸਨ ਤਾਂ ਅਚਾਨਕ ਧਮਾਕਾ ਹੋ ਗਿਆ।