ਹਾਥਰਸ ਦੀ ਨਿਰਭਿਆ ਦੀ ਜਾਨ ਸਰਕਾਰ ਅਤੇ ਪ੍ਰਸ਼ਾਸਨ ਨੇ ਲਈ : ਸੋਨੀਆ ਗਾਂਧੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਜਿਸ ਤਰ੍ਹਾਂ ਬੇਇਨਸਾਫ਼ੀ ਹੋਈ ਹੈ, ਦੇਸ਼ ਉਸਦਾ ਜਵਾਬ ਦੇਵੇਗਾ

Sonia Gandhi

ਨਵੀਂ ਦਿੱਲੀ :  ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਹਾਥਰਸ 'ਚ ਗੈਂਗਰੇਪ ਅਤੇ ਹਤਿਆ ਦੇ ਮਾਮਲੇ 'ਚ ਸੂਬਾ ਸਰਕਾਰ ਦੇ ਵਤੀਰੇ ਦੀ ਸਖ਼ਤ ਨਿਖੇਧੀ ਕੀਤੀ ਹੈ। ਹਾਥਰਸ ਪੀੜਤਾ ਨਾਲ ਹੋਈ ਹੈਵਾਨੀਅਤ ਨੂੰ ਲੈ ਕੇ ਦੁੱਖ ਜਤਾਉਂਦੇ ਹੋਏ ਸੋਨੀਆ ਗਾਂਧੀ ਨੇ ਕਿਹਾ ਹੈ ਕਿ ਸੱਚ ਤਾਂ ਇਹ ਹੈ ਉਸਦੀ ਜਾਨ ਉੱਤਰ ਪ੍ਰਦੇਸ਼ ਦੀ ਸਰਕਾਰ ਅਤੇ ਉਸਦੇ ਪ੍ਰਸ਼ਾਸਨ ਦੇ ਰਵਈਏ ਨੇ ਲਈ ਹੈ। ਉਨ੍ਹਾਂ ਕਿਹਾ ਹੈ ਕਿ ਜਿਸ ਤਰ੍ਹਾਂ ਬੇਇਨਸਾਫ਼ੀ ਹੋਈ ਹੈ, ਦੇਸ਼ ਉਸਦਾ ਜਵਾਬ ਦੇਵੇਗਾ।

ਸੋਨੀਆ ਗਾਂਧੀ ਨੇ ਕਿਹਾ ਕਿ ਹਾਥਰਸ ਦੀ ਨਿਰਭਿਆ ਦੀ ਮੌਤ ਨਹੀਂ ਹੋਈ ਹੈ ਉਸ ਨੂੰ ਇੱਕ ਕਠੋਰ ਪ੍ਰਸ਼ਾਸਨ ਅਤੇ ਉੱਤਰ ਪ੍ਰਦੇਸ਼ ਸਰਕਾਰ ਨੇ ਮਾਰਿਆ ਹੈ। ਜਦੋਂ ਜਿੰਦਾ ਸੀ ਤਾਂ ਉਸ ਦੀ ਸੁਣਵਾਈ ਨਹੀਂ ਹੋਈ ਉਸ ਦੀ ਰੱਖਿਆ ਨਹੀਂ ਹੋਈ। ਉਸ ਦੀ ਮੌਤ ਤੋਂ ਬਾਅਦ ਉਸ ਨੂੰ ਅਪਣੇ ਘਰ ਦੀ ਮਿੱਟੀ ਅਤੇ ਹਲਦੀ ਵੀ ਨਸੀਬ ਨਹੀਂ ਹੋਣ ਦਿਤੀ। ਉਸ ਬੱਚੀ ਨੂੰ ਅਨਾਥਾਂ ਵਾਂਗ ਪੁਲਿਸ ਨੇ ਜ਼ਬਰਦਸਤੀ ਸਾੜ ਦਿਤਾ।

ਇਹ ਕਿਹੋ ਜਿਹਾ ਨਿਆਂ ਹੈ? ਇਹ ਕਿਹੋ ਜਿਹੀ ਸਰਕਾਰ ਹੈ? ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕੁੱਝ ਵੀ ਕਰ ਲਉਗੇ ਅਤੇ ਦੇਸ਼ ਦੇਖਦਾ ਰਹੇਗਾ? ਅਜਿਹਾ ਨਹੀਂ ਹੋਵੇਗਾ, ਇਹ ਦੇਸ਼ ਬੇਇਨਸਾਫ਼ੀ ਦੇ ਵਿਰੁਧ ਬੋਲੇਗਾ। ਮੈਂ ਕਾਂਗਰਸ ਵਲੋਂ ਹਾਥਰਸ ਪੀੜਤ ਪਰਵਾਰ ਦੇ ਨਿਆਂ ਦੀ ਮੰਗ ਨਾਲ ਖੜੀ ਹਾਂ। ਭਾਰਤ ਸਾਰਿਆਂ ਦਾ ਦੇਸ਼ ਹੈ। ਇਥੇ ਸਾਰਿਆਂ ਨੂੰ ਇੱਜਤ ਦੀ ਜ਼ਿੰਦਗੀ ਜਿਉਣ ਦਾ ਅਧਿਕਾਰ ਹੈ। ਅਸੀਂ ਬੀਜੇਪੀ ਨੂੰ ਸੰਵਿਧਾਨ ਅਤੇ ਦੇਸ਼ ਨੂੰ ਨਹੀਂ ਤੋੜਨ ਦਿਆਂਗੇ।

ਸੋਨੀਆ ਗਾਂਧੀ ਨੇ ਕਿਹਾ, ਹਾਥਰਸ ਦੀ ਬੱਚੀ ਨਾਲ ਹੋਈ ਹੈਵਾਨਿਅਤ  ਸਾਡੇ ਸਮਾਜ 'ਤੇ ਇਕ ਕਲੰਕ ਹੈ। ਮੈਂ ਪੁੱਛਣਾ ਚਾਹੁੰਦੀ ਹਾਂ ਕਿ ਕੀ ਕੁੜੀ ਹੋਣਾ ਗੁਨਾਹ ਹੈ, ਕੀ ਗਰੀਬ ਦੀ ਕੁੜੀ ਹੋਣਾ ਦੋਸ਼ ਹੈ। ਯੂ.ਪੀ. ਸਰਕਾਰ ਨੇ ਹਫ਼ਤਿਆਂ ਤਕ ਪੀੜਤ ਪਰਵਾਰ ਦੀ ਨਿਆਂ ਦੀ ਮੰਗ ਨੂੰ ਨਹੀਂ ਸੁਣਿਆ। ਪੂਰੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ।