ਪੰਚਕੂਲਾ 'ਚ ਵਿਰੋਧ ਕਰਦੇ ਕਿਸਾਨਾਂ 'ਤੇ ਕੀਤਾ ਗਿਆ ਲਾਠੀਚਾਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਿਸ ਨੇ ਕਿਸਾਨਾਂ ‘ਤੇ ਵਾਟਰ ਕੈਨਨ ਦੀ ਵਰਤੋਂ ਵੀ ਕੀਤੀ

File Photo

 

ਪੰਚਕੂਲਾ - ਕੇਂਦਰ ਵੱਲੋਂ ਪੰਜਾਬ ਤੇ ਹਰਿਆਣਾ ਵਿਚ ਝੋਨੇ ਦੀ ਖਰੀਦ ‘ਚ ਕੀਤੀ ਗਈ ਦੇਰੀ ਦਾ ਮੁੱਦਾ ਕਾਫੀ ਭੱਖ ਗਿਆ ਹੈ। ਮੋਦੀ ਸਰਕਾਰ ਦੇ ਇਸ ਫੈਸਲੇ ਨਾਲ ਕਿਸਾਨਾਂ ਵਿਚ ਕਾਫ਼ੀ ਰੋਸ ਦੇਖਿਆ ਗਿਆ ਹੈ। ਸਰਕਾਰ ਦੇ ਇਸ ਫੈਸਲੇ ਦੇ ਖਿਲਾਫ ਪੰਜਾਬ ਤੋਂ ਹਰਿਆਣੇ ਤੱਕ ਘਮਾਸਾਨ ਮਚ ਗਿਆ ਹੈ। ਪੰਜਾਬ ਸਣੇ ਹਰਿਆਣੇ ਦੇ ਵਿਚ ਕਿਸਾਨਾਂ ਵੱਲੋ ਝੋਨੇ ਦੀ ਖਰੀਦ ਸ਼ੁਰੂ ਕਰਨ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਿੱਥੇ ਪਹਿਲਾ ਕਿਸਾਨਾਂ ਨੇ ਸਰਕਾਰ ਦੇ ਇਸ ਫੈਸਲੇ ਦੇ ਵਿਰੋਧ ‘ਚ ਹਰਿਆਣਾ ਦੇ ਮੁੱਖ ਮੰਤਰੀ ਦੇ ਘਰ ਦਾ ਘਿਰਾਓ ਕੀਤਾ ਸੀ ਤੇ ਹੁਣ ਕਿਸਾਨਾਂ ਨੇ ਹਰਿਆਣਾ ਦੇ ਪੰਚਕੂਲਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਅਤੇ ਹਰਿਆਣਾ ਵਿਧਾਨ ਸਭਾ ਦੇ ਮੌਜੂਦਾ ਸਪੀਕਰ ਗਿਆਨ ਚੰਦ ਗੁਪਤਾ ਦੇ ਘਰ ਦਾ ਘਿਰਾਓ ਕੀਤਾ ਹੈ।

ਇਸ ਦੌਰਾਨ ਕਿਸਾਨਾਂ ਅਤੇ ਪੁਲਿਸ ਦੇ ਵਿਚਕਾਰ ਝੜਪ ਵੀ ਹੋਈ ਹੈ। ਪੁਲਿਸ ਨੇ ਕਿਸਾਨਾਂ ‘ਤੇ ਵਾਟਰ ਕੈਨਨ ਦੀ ਵਰਤੋਂ ਵੀ ਕੀਤੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਮੰਗ ਪੂਰੀਆਂ ਹੋਣ ਤੱਕ ਇਹ ਪ੍ਰਦਰਸ਼ਨ ਜਾਰੀ ਰਹੇਗਾ। ਕਿਸਾਨਾਂ ਨੂੰ ਰੋਕਣ ਦੇ ਲਈ ਪੁਲਿਸ ਨੇ ਜੋ ਬੈਰੀਕੇਡ ਲਗਾਏ ਸੀ,ਕਿਸਾਨਾਂ ਨੇ ਉਹ ਵੀ ਤੋੜ ਦਿੱਤੇ ਹਨ। ਪਰ ਕਿਸਾਨਾਂ ਦੇ ਰੋਹ ਅੱਗੇ ਪੁਲਿਸ ਵੀ ਬੇਵੱਸ ਹੀ ਨਜ਼ਰ ਆਈ ਹੈ। ਝੋਨੇ ਦੀ ਖਰੀਦ ‘ਚ ਦੇਰੀ ਹੋਣ ਕਾਰਨ ਇਸ ਸਮੇ ਕਿਸਾਨ ਕਾਫੀ ਗੁੱਸੇ ਦੇ ਵਿੱਚ ਨਜ਼ਰ ਆ ਰਹੇ ਹਨ।